ਪੰਚਕੂਲਾ ਵਿੱਚ ਡੇਂਗੂ ਦੇ 17 ਨਵੇਂ ਮਾਮਲੇ ਸਾਹਮਣੇ ਆਏ
ਪੀਪੀ ਵਰਮਾ
ਪੰਚਕੂਲਾ, 5 ਸਤੰਬਰ
ਪੰਚਕੂਲਾ ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਦੇ 212 ਮਾਮਲੇ ਆ ਚੁੱਕੇ ਹਨ। ਪਿਛਲੇ ਇੱਕ ਦਿਨ ਵਿੱਚ 17 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸੀਜ਼ਨ ਵਿੱਚ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੁਣ 212 ਤੱਕ ਪਹੁੰਚ ਗਈ ਹੈ। ਪੰਚਕੂਲਾ ਜ਼ਿਲ੍ਹੇ ਅਤੇ ਹਰਿਆਣਾ ਰਾਜ ਦੀ ਡੇਂਗੂ ਮਾਹਿਰਾਂ ਦੀ ਟੀਮ ਨੇ ਸ਼ਹਿਰ ਦੇ ਅਰਬਨ ਏਰੀਆ ਸੈਕਟਰ-6 ਸਮੇਤ ਸੈਕਟਰ 1, 2, 3, 4, 5, 11, 12, 14, 15, 16 ਅਤੇ ਨਾਡਾ ਸਾਹਿਬ ਦਾ ਦੌਰਾ ਕੀਤਾ। ਟੀਮ ਨੇ ਲਾਰਵੇ ਦੀ ਜਾਂਚ ਕੀਤੀ। ਇਸ ਦੌਰਾਨ ਸਿਹਤ ਵਿਭਾਗ ਨੇ 15 ਲੋਕਾਂ ਨੂੰ ਨੋਟਿਸ ਦਿੱਤੇ। ਇਸ ਦੇ ਨਾਲ ਹੀ ਪੰਚਕੂਲਾ ਸ਼ਹਿਰ ਵਿੱਚ ਦੌਰੇ ਦੌਰਾਨ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਜਾਂਚ ਦੌਰਾਨ ਲੋਕਾਂ ਦੇ ਘਰਾਂ ਵਿੱਚੋਂ ਲੱਗੇ ਫੁੱਲਾਂ ਦੇ ਗਮਲੇ ਹੇਠਾਂ ਪਈ ਟਰੇਅ ਨੂੰ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਨਾਢਾ ਸਾਹਿਬ ਵਿੱਚ ਪਾਣੀ ਸਟੋਰ ਕਰਨ ਵਾਲੇ ਡਰੰਮ ਖਾਲੀ ਕਰਵਾਏ ਗਏ। ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਗਤੀਵਿਧੀਆਂ ਤੋਂ ਬਾਅਦ ਲੋਕਾਂ ਨੂੰ ਡੇਂਗੂ ਤੋਂ ਬਚਾਅ ਕਰਨ ਲਈ ਸੁਝਾਅ ਵੀ ਦਿੱਤੇ। ਵਿਭਾਗ ਸ਼ਹਿਰ ਦੀਆਂ ਸੁਸਾਇਟੀਆਂ ਵਿੱਚ ਫੌਗਿੰਗ ਕਰ ਰਿਹਾ ਹੈ ਤਾਂ ਕਿ ਮੱਛਰ ਨੂੰ ਖਤਮ ਕੀਤਾ ਜਾ ਸਕੇ।