17 ਕਾਂਗਰਸੀ ਕੌਂਸਲਰਾਂ ਵੱਲੋਂ ਮੇਅਰ ਤੋਂ ਸਮਰਥਨ ਵਾਪਸ ਲੈਣ ਦਾ ਐਲਾਨ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 7 ਅਗਸਤ
ਨਗਰ ਨਿਗਮ ਦੇ ਹਾਊਸ ਦੀ ਮੀਟਿੰਗ ਦੌਰਾਨ ਕਾਂਗਰਸ ਦੇ 17 ਨਗਰ ਕੌਂਸਲਰਾਂ ਨੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਤੋਂ ਸਮਰਥਨ ਵਾਪਸ ਲੈਣ ਸਬੰਧੀ ਕਮਿਸ਼ਨਰ ਨੂੰ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਮੇਅਰ ਕਾਂਗਰਸ ਦੀ ਟਿਕਟ ’ਤੇ ਚੋਣ ਲੜੇ ਸਨ ਤੇ ਕਾਂਗਰਸੀ ਕੌਂਸਲਰਾਂ ਦੇ ਸਮਰਥਨ ਨਾਲ ਮੇਅਰ ਬਣੇ ਸਨ ਪਰ ਕਿਉਂਕਿ ਉਨ੍ਹਾਂ ਨੇ ਹੁਣ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ, ਜਿਸ ਕਰਕੇ ਉਹ ਮੇਅਰ ਤੋਂ ਸਮਰਥਨ ਵਾਪਿਸ ਲੈਣ ਦਾ ਐਲਾਨ ਕਰਦੇ ਹਨ।
ਨਿਗਮ ਦੀ ਮੀਟਿੰਗ ਅੱਜ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਹਾਜ਼ਰੀ ਵਿਚ ਹੋਈ ਜਿਸ ਵਿਚ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਸ਼ਾਮਲ ਹੋਏ।
ਮੀਟਿੰਗ ਵਿਚ ਵਿਕਾਸ ਕਾਰਜਾਂ ਨਾਲ ਸਬੰਧਤ ਵੱਖ-ਵੱਖ ਮਤੇ ਪਾਸ ਕੀਤੇ ਗਏ। ਪਿੰਡ ਬਜਵਾੜਾ ਵਿਚ ਕਰੀਬ 32 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਦਾ ਕੰਮ, ਪਿੰਡ ਬਜਵਾੜਾ ਤੇ ਕਿਲ੍ਹਾ ਬਰੂਨ ਦੇ ਸੀਵਰੇਜ ਦੇ ਪਾਣੀ ਨੂੰ ਹੁਸ਼ਿਆਰਪੁਰ ਦੇ ਨਾਲ ਜੋੜਦੇ ਹੋਏ ਟ੍ਰੀਟਮੈਂਟ ਪਲਾਂਟ ਵਿਚ ਪਾਣੀ ਪਾਉਣ, ਗੌਤਮ ਨਗਰ ਵਿਚ ਸਥਿਤ ਕਮਿਊਨਿਟੀ ਸੈਂਟਰ ਦੇ ਗਰਾਊਂਡ ਫਲੋਰ ਨੂੰ ਰੈਨੋਵੇਟ ਕਰਨ ਅਤੇ ਪਹਿਲੀ ਮੰਜ਼ਿਲ ਨੂੰ ਬਣਾਉਣ ਲਈ 1,27,94,810 ਰੁਪਏ, ਸ਼ਹੀਦ ਰਾਜਗੁਰੂ ਮਾਰਕੀਟ ਦੇ ਨਜ਼ਦੀਕ ਬੱਸ ਸਟੈਂਡ ਵਿਚ ਬਣਾਏ ਗਏ ਟੁਆਇਲਟ ਦੇ ਰੈਨੋਵੇਸ਼ਨ ਅਤੇ ਰੱਖ-ਰਖਾਅ ਕਰਨ ਲਈ 1.76 ਲੱਖ ਰੁਪਏ, ਸ਼ਹਿਰ ਅੰਦਰ ਵਾਟਰ ਸਪਲਾਈ ਤੇ ਸੀਵਰੇਜ ਦੀਆਂ ਲਾਈਨਾਂ ਵਿਛਾਉਣ ਲਈ ਮੁਹੱਲਾ ਸੁੰਦਰ ਨਗਰ, ਮੁਹੱਲਾ ਮਹਾਰਾਜਾ ਰਣਜੀਤ ਸਿੰਘ ਨਗਰ, ਮੁਹੱਲਾ ਟਿੱਬਾ ਸਾਹਿਬ, ਨੇੜੇ ਬੱਬੂ ਹੋਟਲ ਵਾਲੀ ਗਲੀ ਲਈ 2.83 ਲੱਖ ਰੁਪਏ ਦਾ ਤਖਮੀਨਾ ਪਾਸ ਕੀਤਾ ਗਿਆ, ਜਿਨ੍ਹਾਂ ਇਲਾਕਿਆਂ ਵਿਚ ਪਾਣੀ ਤੇ ਸੀਵਰੇਜ ਦੀਆਂ ਲਾਈਨਾਂ ਨਹੀਂ ਪਈਆਂ ਹਨ, ਉਥੇ ਇਹ ਲਾਈਨਾਂ ਪਾਉਣ ਲਈ 11.42 ਕਰੋੜ ਰੁਪਏ ਦੇ ਤਖਮੀਨੇ ਪਾਸ ਕੀਤੇ ਗਏ।