For the best experience, open
https://m.punjabitribuneonline.com
on your mobile browser.
Advertisement

ਚੀਫ਼ ਖ਼ਾਲਸਾ ਦੀਵਾਨ ਵੱਲੋਂ 169.83 ਕਰੋੜ ਦਾ ਬਜਟ ਪਾਸ

09:01 AM Mar 31, 2024 IST
ਚੀਫ਼ ਖ਼ਾਲਸਾ ਦੀਵਾਨ ਵੱਲੋਂ 169 83 ਕਰੋੜ ਦਾ ਬਜਟ ਪਾਸ
ਚੀਫ ਖਾਲਸਾ ਦੀਵਾਨ ਦੇ ਬਜਟ ਇਜਲਾਸ ’ਚ ਸ਼ਾਮਲ ਅਹੁਦੇਦਾਰ।
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 30 ਮਾਰਚ
ਚੀਫ਼ ਖ਼ਾਲਸਾ ਦੀਵਾਨ ਦੇ ਸਮੂਹ ਸਕੂਲਾਂ, ਕਾਲਜਾਂ ਤੇ ਹੋਰ ਅਦਾਰਿਆਂ ਦਾ ਸਾਲ 2024-25 ਲਈ 169 ਕਰੋੜ 83 ਲੱਖ ਦਾ ਬਜਟ ਜਨਰਲ ਹਾਊਸ ਦੇ ਇਜਲਾਸ ਵਿੱਚ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਦੀ ਪ੍ਰਧਾਨਗੀ ਹੇਠ ਪਾਸ ਕੀਤਾ ਗਿਆ। ਡਾ. ਇੰਦਰਬੀਰ ਸਿੰਘ ਨੇ ਬਜਟ ਦੇ ਤੱਥਾਂ ’ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਪਿਛਲੇ ਵਿੱਤੀ ਸਾਲ ਨਾਲੋਂ ਇਸ ਸਾਲ ਚੀਫ਼ ਖ਼ਾਲਸਾ ਦੀਵਾਨ ਦੀ ਕੁੱਲ ਆਮਦਨ ਵਿਚ 21 ਫ਼ੀਸਦ ਵਾਧਾ ਹੋਇਆ ਹੈ ਜਦਕਿ ਖਰਚਿਆਂ ਦੇ ਹਿਸਾਬ ਨਾਲ ਇਸ ਸਾਲ ਪਿਛਲੇ ਸਾਲ ਨਾਲੋਂ 26 ਫ਼ੀਸਦ ਤੱਕ ਦਾ ਵਾਧਾ ਹੋਣ ਦਾ ਅਨੁਮਾਨ ਹੈ।
ਚੀਫ਼ ਖ਼ਾਲਸਾ ਦੀਵਾਨ ਦੀ ਫਾਇਨਾਂਸ ਕਮੇਟੀ ਦੇ ਮੈਂਬਰ ਅਤੇ ਚਾਰਟਰਡ ਅਕਾਊਟੈਂਟ ਇੰਸਟੀਚਿਊਟ ਅੰਮ੍ਰਿਤਸਰ ਦੇ ਸਾਬਕਾ ਚੇਅਰਪਰਸਨ ਅਜੀਤਪਾਲ ਸਿੰਘ ਅਨੇਜਾ ਨੇ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਦੇ ਬਜਟ 2024-2025 ਵਿੱਚ ਨਵੀਆਂ ਜ਼ਮੀਨਾਂ ਖਰੀਦਣ ਅਤੇ ਉਸਾਰੀ ਲਈ ਰੱਖੀ ਰਕਮ ਤਹਿਤ ਦੀਵਾਨ ਅਧੀਨ ਚੱਲ ਰਹੇ ਅਟਾਰੀ ਸਕੂਲ ਦੀ ਨਵੀਂ ਜ਼ਮੀਨ ਉਪਰ ਉਸਾਰੀ ਕਰਨ ਲਈ 3 ਕਰੋੜ 50 ਲੱਖ, ਬਟਾਲਾ ਵਿੱਚ ਸਕੂਲ ਲਈ ਖਰੀਦੀ ਜ਼ਮੀਨ ’ਤੇ ਉਸਾਰੀ ਕਰਨ ਲਈ 5 ਕਰੋੜ, ਆਸਲ ਉਤਾੜ ਵਿੱਚ ਨਵੀਂ ਜ਼ਮੀਨ ਖਰੀਦਣ ਲਈ 90 ਲੱਖ, ਜਲੰਧਰ ਵਿੱਚ ਸਕੂਲ ਲਈ ਨਵੀਂ ਜ਼ਮੀਨ ਖਰੀਦਣ ਹਿੱਤ 3 ਕਰੋੜ, ਹੁਸ਼ਿਆਰਪੁਰ ’ਚ ਜ਼ਮੀਨ ਖਰੀਦਣ ਲਈ 1 ਕਰੋੜ 30 ਲੱਖ, ਸੁਰ ਸਿੰਘ ਵਿੱਚ ਨਵੀਂ ਜ਼ਮੀਨ ਖਰੀਦਣ ਲਈ 1 ਕਰੋੜ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਸੀਕੇਡੀ ਸਕੂਲਾਂ ਦੇ ਵਿਸਥਾਰ ਹਿੱਤ ਉਸਾਰੀ ਸਬੰਧੀ ਵੀ 16 ਕਰੋੜ ਰੁਪਏ ਰੱਖੇ ਗਏ ਹਨ। ਧਰਮ ਪ੍ਰਚਾਰ ਲਈ ਵਿਸ਼ੇਸ਼ ਤੌਰ ’ਤੇ 1 ਕਰੋੜ ਅਤੇ ਆਦਰਸ਼ ਸਕੂਲਾਂ ਲਈ 1 ਕਰੋੜ 37 ਲੱਖ ਰੁਪਏ ਖਰਚ ਕਰਨ ਦੀ ਯੋਜਨਾ ਹੈ।
ਮੀਟਿੰਗ ਦੌਰਾਨ ਦੀਵਾਨ ਅਹੁਦੇਦਾਰਾਂ ਵੱਲੋਂ ਸੀਕੇਡੀ ਚੈਰੀਟੇਬਲ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਕਿਤਾਬਾਂ, ਵਰਦੀਆਂ ਅਤੇ ਹੋਰਨਾਂ ਖਰਚਿਆਂ ਲਈ ਇਕ ਚੈਰੀਟੇਬਲ ਟਰੱਸਟ ਦੀ ਸ਼ੁਰੂਆਤ ਕੀਤੀ ਗਈ। ਮੀਟਿੰਗ ਦੌਰਾਨ ਅਮਰਜੀਤ ਸਿੰਘ ਭਾਟੀਆ ਵੱਲੋਂ ਕੀਤੇ ਗਏ ਕੂੜ ਪ੍ਰਚਾਰ ਸਬੰਧੀ ਸਖਤ ਸ਼ਬਦਾਂ ਵਿਚ ਨਿਖੇਧੀ ਦਾ ਮਤਾ ਲਿਆਂਦਾ ਗਿਆ, ਜਿਸ ਪ੍ਰਤੀ ਹਾਊਸ ਨੇ ਸਹਿਮਤੀ ਪ੍ਰਗਟਾਈ। ਇਸ ਮੌਕੇ ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ, ਆਨਰੇਰੀ ਸਕੱਤਰ ਰਮਨੀਕ ਸਿੰਘ, ਆਨਰੇਰੀ ਜੁਆਇੰਟ ਸਕੱਤਰ ਇੰਜ. ਜਸਪਾਲ ਸਿੰਘ ਸਮੇਤ 125 ਦੇ ਕਰੀਬ ਮੈਂਬਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×