ਝੋਨੇ ਦੇ ਸੀਜ਼ਨ ਦੌਰਾਨ ਵੇਚਣ ਲਈ ਰੱਖੀ 16 ਕੁਇੰਟਲ ਭੁੱਕੀ ਬਰਾਮਦ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਅਕਤੂਬਰ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀ ਪੁਲੀਸ ਨੇ ਝੋਨੇ ਦੇ ਸੀਜ਼ਨ ਦੌਰਾਨ ਸਪਲਾਈ ਕਰਨ ਲਈ ਇਲਾਕੇ ’ਚ ਸਰਗਰਮ ਦੋ ਭੁੱਕੀ-ਚੂਰਾ ਤਸਕਰਾਂ ਨੂੰ ਖਾਸ ਮੁਖਬਰ ਦੀ ਸੂਚਨਾ ’ਤੇ 16 ਕੁਇੰਟਲ 20 ਕਿਲੋ ਭੁੱਕੀ ਸਮੇਤ ਗੱਡੀ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਨੇ ਪੱਤਰਕਾਰਾਂ ਨਾਲ ਰੱਖੀ ਮੀਟਿੰਗ ਦੌਰਾਨ ਦੱਸਿਆ ਕਿ ਐੱਸਪੀ ਪਰਮਿੰਦਰ ਸਿੰਘ ਅਤੇ ਡੀਐੱਸਪੀ ਜਸਯਜੋਤ ਸਿੰਘ ਦੀ ਨਿਗਰਾਨੀ ਹੇਠ ਨਸ਼ਾ-ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਆਰੰਭੀ ਮੁਹਿੰਮ ਤਹਿਤ ਥਾਣਾ ਸਦਰ ਦੇ ਐੱਸਐੱਚਓ ਸੁਰਜੀਤ ਸਿੰਘ ਨੂੰ ਖਾਸ ਮੁਖਬਰ ਤੋਂ ਸੂਚਨਾ ਮਿਲੀ ਕਿ ਜਗਰੂਪ ਸਿੰਘ ਅਤੇ ਗੁਰਲਵਲੀਨ ਸਿੰਘ ਗੈਰੀ ਦੋਵੇਂ ਵਾਸੀ ਪਿੰਡ ਭਿੰਡਰ ਕਲਾਂ (ਮੋਗਾ) ਆਪਣੀ ਗੱਡੀ ਸਜੂਕੀ ਡੀ ਮੈਕਸ ਨੰਬਰ ਪੀ.ਬੀ.23 ਟੀ0324 ਵਿੱਚ ਭਾਰੀ ਮਾਤਰਾ ’ਚ ਭੁੱਕੀ-ਚੂਰਾ ਲੱਦ ਕੇ ਝੋਨੇ ਦਾ ਸੀਜ਼ਨ ਹੋਣ ਕਰਕੇ ਜਗਰਾਉਂ ਅਤੇ ਮੋਗਾ ਜ਼ਿਲ੍ਹੇ ਦੇ ਪਿੰਡਾਂ ’ਚ ਵੇਚ ਰਹੇ ਹਨ ਅਤੇ ਮੌਜੂਦਾ ਸਮੇਂ ’ਚ ਉਨ੍ਹਾਂ ਦੀ ਗੱਡੀ ਪਿੰਡ ਗਾਲਿਬ ਕਲਾਂ ਦੇ ਏਰੀਏ ’ਚ ਮੌਜੂਦ ਹੈ। ਐੱਸਐੱਚਓ ਸੁਰਜੀਤ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਭਰੋਸੇ ’ਚ ਲੈ ਕੇ ਮਿਲੇ ਨਿਰਦੇਸ਼ਾਂ ਹੇਠ ਗਾਲਿਬ ਕਲਾਂ ਵਿੱਚ ਬੰਦ ਪਏ ਲੁੱਕ ਪਲਾਂਟ ਦੇ ਸ਼ੈੱਡ ’ਚ ਗਾਹਕਾਂ ਦੀ ਉਡੀਕ ਕਰ ਰਹੇ ਜਗਰੂਪ ਸਿੰਘ ਅਤੇ ਗੁਰਲਵਲੀਨ ਸਿੰਘ ਗੈਰੀ ਨੂੰ ਛਾਪਾ ਮਾਰ ਜਾ ਘੇਰਿਆ।
ਇਸ ਮੌਕੇ ਦੋਵੇਂ ਤਸਕਰ ਪੁਲੀਸ ਨੇ ਗ੍ਰਿਫ਼ਤਾਰ ਕਰ ਲਏ। ਗੱਡੀ ’ਚ ਲੱਦੀ ਭੁੱਕੀ ਦੇ 20 ਗੱਟੂ ਅਤੇ ਸ਼ੈੱਡ ’ਚੋਂ 61 ਗੱਟੂ ਮਿਲੇ, ਉੱਚ ਅਧਿਕਾਰੀਆਂ ਦੀ ਹਾਜ਼ਰੀ ’ਚ ਭੁੱਕੀ ਦਾ ਵਜ਼ਨ 16 ਕੁਇੰਟਲ 20 ਕਿਲੋ ਨਿਕਲਿਆ। ਥਾਣਾ ਸਦਰ ’ਚ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਐੱਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰ ਰਿਮਾਂਡ ਲੈਣ ਦੀ ਪ੍ਰਕਿਰਿਆ ਆਰੰਭੀ ਗਈ ਹੈ ਤਾਂ ਜੋ ਹੋਰ ਖੁਲਾਸੇ ਹੋ ਸਕਣ।