ਇਜ਼ਰਾਇਲੀ ਹਮਲੇ ’ਚ 16 ਫਲਸਤੀਨੀ ਹਲਾਕ
ਰਾਫ਼ਾਹ, 18 ਜਨਵਰੀ
ਇਜ਼ਰਾਈਲ ਵੱਲੋਂ ਦੱਖਣੀ ਗਾਜ਼ਾ ਦੇ ਰਾਫ਼ਾਹ ’ਚ ਕੀਤੇ ਗਏ ਹਵਾਈ ਹਮਲੇ ਵਿੱਚ 16 ਵਿਅਕਤੀ ਮਾਰੇ ਗਏ। ਮ੍ਰਿਤਕਾਂ ’ਚ ਅੱਠ ਬੱਚੇ ਸ਼ਾਮਲ ਹਨ। ਫ਼ੌਜ ਵੱਲੋਂ ਉਨ੍ਹਾਂ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਥੇ ਆਮ ਲੋਕਾਂ ਨੂੰ ਪਨਾਹ ਲੈਣ ਲਈ ਆਖਿਆ ਗਿਆ ਸੀ। ਬੰਧਕਾਂ ਲਈ ਭੇਜੀਆਂ ਗਈਆਂ ਦਵਾਈਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਹ ਇਲਾਕੇ ’ਚ ਪਹੁੰਚ ਗਈਆਂ ਹਨ ਜਾਂ ਨਹੀਂ। ਫਰਾਂਸ ਅਤੇ ਕਤਰ ਵੱਲੋਂ ਸਮਝੌਤੇ ਮਗਰੋਂ ਬੰਧਕਾਂ ਲਈ ਦਵਾਈਆਂ ਭੇਜੀਆਂ ਗਈਆਂ ਸਨ। ਹਮਾਸ ਨੇ ਕਿਹਾ ਹੈ ਕਿ ਬੰਧਕਾਂ ਨੂੰ ਭੇਜੇ ਜਾਣ ਵਾਲੇ ਦਵਾਈਆਂ ਦੇ ਹਰੇਕ ਬਕਸੇ ਦੇ ਬਦਲੇ ’ਚ ਫਲਸਤੀਨੀ ਨਾਗਰਿਕਾਂ ਲਈ ਇਕ ਹਜ਼ਾਰ ਬਕਸੇ ਭੇਜੇ ਜਾਣਗੇ। ਇਸ ਤੋਂ ਇਲਾਵਾ ਭੋਜਨ ਅਤੇ ਮਾਨਵੀ ਸਹਾਇਤਾ ਵੀ ਭੇਜੀ ਜਾਵੇਗੀ। ਕਤਰ ਨੇ ਪੁਸ਼ਟੀ ਕੀਤੀ ਹੈ ਕਿ ਦਵਾਈਆਂ ਗਾਜ਼ਾ ਅੰਦਰ ਦਾਖ਼ਲ ਹੋ ਗਈਆਂ ਹਨ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਬੰਧਕਾਂ ’ਚ ਵੰਡੀਆਂ ਗਈਆਂ ਹਨ ਜਾਂ ਨਹੀਂ। ਗਾਜ਼ਾ ’ਚ ਪਿਛਲੇ ਪੰਜ ਦਿਨਾਂ ਤੋਂ ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ਠੱਪ ਪਈਆਂ ਹਨ। ਹਮਾਸ ਵੱਲੋਂ ਬੰਧਕ ਬਣਾਏ ਗਏ ਵਿਅਕਤੀਆਂ ’ਚ ਇਕ ਬੱਚਾ ਕਫ਼ੀਰ ਬਬਿਾਸ ਵੀ ਸ਼ਾਮਲ ਹੈ ਜਿਸ ਦੇ ਪਰਿਵਾਰਕ ਮੈਂਬਰਾਂ ਨੇ ਤਲ ਅਵੀਵ ’ਚ ਵੀਰਵਾਰ ਨੂੰ ਉਸ ਦਾ ਪਹਿਲਾ ਜਨਮਦਿਨ ਮਨਾਇਆ। ਬੰਧਕਾਂ ’ਚ ਉਸ ਦਾ ਚਾਰ ਸਾਲਾਂ ਦਾ ਭਰਾ ਏਰੀਅਲ, ਮਾਂ ਸ਼ੀਰੀ ਅਤੇ ਪਿਤਾ ਯਾਰਡਨ ਵੀ ਸ਼ਾਮਲ ਹਨ। ਇਜ਼ਰਾਈਲ ਨੇ ਸਾਰੇ ਬੰਧਕਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇਜ਼ਰਾਈਲ ਨੇ ਕਿਹਾ ਕਿ ਉਹ ਹਮਾਸ ਦੇ ਖ਼ਾਤਮੇ ਤੱਕ ਗਾਜ਼ਾ ’ਚ ਹਮਲੇ ਕਰਦਾ ਰਹੇਗਾ। -ਏਪੀ