ਸਮਾਜ ਸੇਵੀ ਦੇ ਪ੍ਰਾਜੈਕਟ ਨੂੰ ਆਪਣਾ ਦੱਸ ਕੇ ਵਕੀਲ ਤੇ ਸਮਾਜ ਸੇਵੀ ਵੱਲੋਂ 16 ਲੱਖ ਦੀ ਠੱਗੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਨਵੰਬਰ
ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫੋਰਸ (ਸੀਆਈਐੱਸਐੱਫ) ਦੇ ਸੇਵਾਮੁਕਤ ਕਮਾਡੈਂਟ ਪਵਨ ਕੁਮਾਰ ਨੇ ਦੋਸ਼ ਲਾਇਆ ਹੈ ਕਿ ਇੱਕ ਵਕੀਲ ਤੇ ਉਸ ਦੇ ਸਾਥੀ ਨੇ ਇੱਕ ਪ੍ਰਸਿੱਧ ਸਮਾਜ ਸੇਵੀ ਦੇ ਪ੍ਰਾਜੈਕਟ ਨੂੰ ਆਪਣਾ ਦੱਸ ਕੇ ਉਨ੍ਹਾਂ ਨਾਲ 16 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਸਬੰਧੀ ਧੋਖਾਧੜੀ ਦਾ ਕੇਸ ਦਰਜ ਹੋਣ ਦੇ ਬਾਵਜੂਦ ਵੀ ਪੁਲੀਸ ਮਾਮਲੇ ਵਿੱਚ ਚਲਾਨ ਵੀ ਪੇਸ਼ ਨਹੀਂ ਕਰ ਸਕੀ। ਇੱਥੇ ਪਟਿਆਲਾ ਮੀਡੀਆ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਮੌਕੇ ਪਵਨ ਕੁਮਾਰ ਨੇ ਦੱਸਿਆ ਕਿ ਠੱਗੀ ਦੀ ਸ਼ਿਕਾਇਤ ਪੁਲੀਸ ਨੂੰ ਦੇਣ ’ਤੇ ਜਾਂਚ ਮਗਰੋਂ ਤਿੰਨ ਮੁਲਜ਼ਮਾਂ ਖਿਲਾਫ਼ 20 ਅਪਰੈਲ 2022 ਨੂੰ ਥਾਣਾ ਸਦਰ ਪਟਿਆਲਾ ਵਿੱਚ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਕੇਸ ਵੀ ਦਰਜ ਕੀਤਾ ਗਿਆ, ਪਰ ਇਸਦੇ ਬਾਵਜੂਦ ਹਾਲੇ ਤੱਕ ਮੁਲਜ਼ਮਾਂ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੋਸਟਿੰਗ ਦਿੱਲੀ ਅਤੇ ਛੱਤੀਸਗੜ੍ਹ ਵਿੱਚ ਰਹੀ ਹੈ। ਛੱਤੀਸਗੜ੍ਹ ਦੇ ਟਰੇਨਿੰਗ ਕਾਲਜ ਵਿੱਚ ਬਤੌਰ ਪ੍ਰਿੰਸੀਪਲ ਅਤੇ ਭਿਲਾਈ ਸਟੀਲ ਦੇ ਸੁਰੱਖਿਆ ਕਮਾਂਡੈਂਟ ਰਹਿੰਦਿਆਂ ਉਹ ਸੇਵਾਮੁਕਤ ਹੋਏ ਸਨ ਤੇ ਇਸ ਮਗਰੋਂ ਪਟਿਆਲਾ ਆ ਗਏ।
ਉਨ੍ਹਾਂ ਦੱਸਿਆ ਕਿ ਇੱਥੇ ਕਮਾਂਡੋ ਬਟਾਲੀਅਨ 36ਵੀਂ ਬਹਾਦਰਗੜ੍ਹ ਵਿੱਚ ਲੱਗੇ ਇੱਕ ਖੂਨਦਾਨ ਕੈਂਪ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਵਕੀਲ ਸਮੇਤ ਇੱਕ ਹੋਰ ਵਿਅਕਤੀ ਨਾਲ ਹੋਈ, ਜੋ ਦੋਸਤੀ ਵਿੱਚ ਬਦਲ ਗਈ। ਸਾਬਕਾ ਕਮਾਂਡੈਂਟ ਨੇ ਦੱਸਿਆ ਕਿ ਇਸ ਵਕੀਲ ਨੇ ਸਮਾਜ ਸੇਵੀ ਨਾਲ ਪਾਰਟਨਰਸ਼ਿਪ ਦੇ ਕੁਝ ਦਸਤਾਵੇਜ਼ ਵੀ ਵਿਖਾਏ, ਜਿਸ ’ਤੇ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਤੇ ਉਨ੍ਹਾਂ 16 ਲੱਖ ਰੁਪਏ ਇਸ ਵਕੀਲ ਅਤੇ ਸਮਾਜ ਸੇਵੀ ਨੂੰ ਦੇ ਦਿੱਤੇ। ਜਦੋਂ ਦੋ ਮਹੀਨਿਆਂ ਮਗਰੋਂ ਉਨ੍ਹਾਂ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨਾਂਹ ਕਰ ਦਿੱਤੀ। ਡੂੰਘਾਈ ਨਾਲ ਘੋਖਣ ’ਤੇ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਏ ਹਨ। ਇਸ ਸਬੰਧੀ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਡੀਐੱਸਪੀ ਪੱਧਰ ਦੇ ਇੱਕ ਅਧਿਕਾਰੀ ਵੱਲੋਂ ਜਾਂਚ ਪੜਤਾਲ ਦੇ ਹਵਾਲੇ ਨਾਲ ਕੀਤੀ ਗਈ ਕੇਸ ਦੀ ਸਿਫ਼ਾਰਸ਼ ਤਹਿਤ ਥਾਣਾ ਸਦਰ ਪਟਿਆਲਾ ਵਿੱਚ ਪਿਛਲੇ ਸਾਲ ਇਸ ਵਕੀਲ ਅਤੇ ਅਖੌਤੀ ਸਮਾਜ ਸੇਵੀ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ ਪਰ ਅਜੇ ਤੱਕ ਪੁਲੀਸ ਨੇ ਚਲਾਨ ਪੇਸ਼ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਨੇ ਵੀ ਇਸ ਵਕੀਲ ਨੂੰ ਪੇਸ਼ ਹੋਣ ਵਾਸਤੇ ਆਖਿਆ ਪਰ ਉਹ ਜਦੋਂ ਪੇਸ਼ ਨਾ ਹੋਇਆ ਤਾਂ ਕੌਂਸਲ ਨੇ 15 ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ। ਉੱਧਰ, ਪੁਲੀਸ ਦਾ ਤਰਕ ਹੈ ਕਿ ਮੁਲਜ਼ਮ ਇਸ ਕੇਸ ਵਿੱਚੋਂ ਭਗੌੜੇ ਹਨ ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।