ਯੂਟੀ ’ਚ ਲੈਕਚਰਾਰਾਂ ਦੀਆਂ 158 ਅਸਾਮੀਆਂ ਹੋਣਗੀਆਂ ਬਹਾਲ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 7 ਅਕਤੂੁਬਰ
ਯੂਟੀ ਦੇ ਕਾਲਜਾਂ ਵਿਚ ਲੈਪਸ (ਖ਼ਤਮ) ਹੋ ਚੁੱਕੀਆਂ 180 ਅਸਾਮੀਆਂ ਨੂੰ ਸੁਰਜੀਤ ਕਰਨ ਲਈ ਉੱਚ ਸਿੱਖਿਆ ਵਿਭਾਗ ਨੇ ਕਾਰਵਾਈ ਆਰੰਭ ਦਿੱਤੀ ਹੈ। ਚੰਡੀਗੜ੍ਹ ਦੇ ਕਾਲਜਾਂ ਵਿਚ ਲੈਕਚਰਾਰਾਂ ਤੇ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਅਸਾਮੀਆਂ ਨਾ ਭਰਨ ਕਰ ਕੇ ਇਹ ਅਸਾਮੀਆਂ ਲੈਪਸ ਹੋ ਗਈਆਂ ਸਨ ਜਿਸ ਕਾਰਨ ਯੂਟੀ ਨੇ ਕੇਂਦਰ ਤੋਂ ਇਨ੍ਹਾਂ ਅਸਾਮੀਆਂ ਨੂੰ ਸੁਰਜੀਤ ਕਰਨ ਲਈ ਮਨਜ਼ੂਰੀ ਮੰਗੀ ਹੈ। ਇਸ ਮਾਮਲੇ ’ਤੇ ਅਗਲੇਰੀ ਕਾਰਵਾਈ ਲਈ ਨੋਡਲ ਅਫਸਰ ਦੀ ਤਾਇਨਾਤੀ ਕੀਤੀ ਗਈ ਹੈ ਜੋ ਅਗਲੇ ਦਿਨਾਂ ਦੌਰਾਨ ਨਵੀਂ ਦਿੱਲੀ ਜਾਣਗੇ। ਜਾਣਕਾਰੀ ਅਨੁਸਾਰ ਯੂਟੀ ਦੇ ਕਾਲਜਾਂ ਵਿਚ ਲੈਕਚਰਾਰਾਂ ਤੇ ਅਸਿਸਟੈਂਟ ਪ੍ਰੋਫੈਸਰਾਂ ਦੀਆਂ 180 ਅਸਾਮੀਆਂ ਲੈਪਸ ਹੋ ਗਈਆਂ ਸਨ ਤੇ ਇਹ ਪਤਾ ਲੱਗਿਆ ਹੈ ਕਿ ਕੇਂਦਰ ਵੱਲੋਂ 158 ਅਸਾਮੀਆਂ ਨੂੰ ਸੁਰਜੀਤ ਕਰਨ ਬਾਰੇ ਹਾਮੀ ਭਰੀ ਗਈ ਹੈ ਪਰ ਇਸ ਦੀ ਲਿਖਤੀ ਜਾਣਕਾਰੀ ਹਾਲੇ ਤਕ ਯੂਟੀ ਨੂੰ ਨਹੀਂ ਮਿਲੀ। ਸਕੱਤਰੇਤ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਹ ਇਨ੍ਹਾਂ ਅਸਾਮੀਆਂ ਦੀ ਮੁੜ ਸੁਰਜੀਤੀ ਲਈ ਕੇਂਦਰ ਨਾਲ ਰਾਬਤਾ ਰੱਖ ਰਹੇ ਹਨ ਤੇ ਆਸ ਹੈ ਕਿ ਜਲਦੀ ਹੀ ਲੈਕਚਰਾਰਾਂ ਦੀਆਂ 158 ਅਸਾਮੀਆਂ ਮੁੜ ਸੁਰਜੀਤ ਹੋ ਜਾਣਗੀਆਂ। ਇਹ ਵੀ ਦੱਸਣਾ ਬਣਦਾ ਹੈ ਕਿ ਕੇਂਦਰ ਵੱਲੋਂ ਲੈਕਚਰਾਰਾਂ ਤੇ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਅਸਾਮੀਆਂ ਮਨਜ਼ੂਰ ਕੀਤੀਆਂ ਜਾਂਦੀਆਂ ਹਨ ਤੇ ਜੇ ਇਹ ਅਸਾਮੀਆਂ ਲੰਬੇ ਸਮੇਂ ਤਕ ਭਰੀਆਂ ਨਾ ਜਾਣ ਤਾਂ ਇਹ ਅਸਾਮੀਆਂ ਲੈਪਸ ਹੋ ਜਾਂਦੀਆਂ ਹਨ ਤੇ ਇਨ੍ਹਾਂ ਅਸਾਮੀਆਂ ਨੂੰ ਮੁੜ ਸੁਰਜੀਤ ਕਰਨ ਲਈ ਕੇਂਦਰ ਨਾਲ ਰਾਬਤਾ ਕੀਤਾ ਗਿਆ ਹੈ। ਇਸ ਵੇਲੇ ਚੰਡੀਗੜ੍ਹ ਦੇ ਜ਼ਿਆਦਾਤਰ ਸਰਕਾਰੀ ਕਾਲਜਾਂ ਵਿਚ ਲੈਕਚਰਾਰਾਂ ਦੀ ਘਾਟ ਹੈ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਕਾਲਜਾਂ ਵਿਚ ਲੈਕਚਰਾਰਾਂ ਦੀ ਘਾਟ ਕਾਰਨ ਕੁਝ ਸਮਾਂ ਪਹਿਲਾਂ ਕਈ ਵਿਸ਼ੇ ਕੁਝ ਖਾਸ ਕਾਲਜਾਂ ਵਿਚ ਹਟਾ ਦਿੱਤੇ ਗਏ ਸਨ ਤੇ ਦੂਜੇ ਕਾਲਜਾਂ ਵਿਚ ਸ਼ਿਫਟ ਕਰ ਦਿੱਤੇ ਗਏ ਸਨ ਜਿਸ ਕਾਰਨ ਵਿਦਿਆਰਥੀਆਂ ਨੂੰ ਇਹ ਵਿਸ਼ੇ ਕੁਝ ਖਾਸ ਕਾਲਜਾਂ ਵਿਚ ਹੀ ਪੜ੍ਹਨ ਦੀ ਸਹੂਲਤ ਦਿੱਤੀ ਗਈ ਸੀ।
ਲੈਪਸ ਹੋ ਚੁੱਕੀਆਂ ਅਸਾਮੀਆਂ ਬਹਾਲ ਕਰਨ ਲਈ ਡਾਇਰੈਕਟਰ ਵੱਲੋਂ ਪੱਤਰ
ਇਹ ਵੀ ਪਤਾ ਲੱਗਿਆ ਹੈ ਕਿ ਕਾਲਜਾਂ ਵਿਚ ਲੈਪਸ ਹੋ ਚੁੱਕੀਆਂ ਅਸਾਮੀਆਂ ਨੂੰ ਬਹਾਲ ਕਰਨ ਲਈ ਕੇਂਦਰ ਦੇ ਸਿੱਖਿਆ ਮੰਤਰਾਲੇ ਨਾਲ ਪੱਤਰ ਵਿਹਾਰ ਕੀਤਾ ਜਾ ਰਿਹਾ ਹੈ। ਡਾਇਰੈਕਟਰ ਉੱਚ ਸਿੱਖਿਆ ਵਿਭਾਗ ਰੁਬਿੰਦਰਜੀਤ ਸਿੰਘ ਬਰਾੜ ਨੇ ਅਸਾਮੀਆਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸਬੰਧੀ ਸਰਕਾਰੀ ਕਾਲਜ ਸੈਕਟਰ 50 ਦੇ ਇਕ ਸੀਨੀਅਰ ਲੈਕਚਰਾਰ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਜਿਸ ਨੂੰ ਜਲਦੀ ਹੀ ਦਿੱਲੀ ਭੇਜਿਆ ਜਾ ਰਿਹਾ ਹੈ ਤੇ ਚੰਡੀਗੜ੍ਹ ਦੇ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਹੂਲਤਾਂ ਤੇ ਸਿੱਖਿਆ ਸਹੂਲਤਾਂ ਦੇਣ ਲਈ ਯਤਨ ਕੀਤੇ ਜਾਣਗੇ।