78 ਲੱਖ ਦੀ 156 ਕਿੱਲੋ ਭੰਗ ਬਰਾਮਦ, ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਾਰਚ
ਦਿੱਲੀ ਪੁਲੀਸ ਨੇ ਅੱਜ ਦੋ ਸਪਲਾਇਰਾਂ ਨੂੰ ਗ੍ਰਿਫਤਾਰ ਕਰਕੇ ਲਗਪਗ 78 ਲੱਖ ਰੁਪਏ ਦੀ ਕੀਮਤ ਦਾ 156 ਕਿਲੋਗ੍ਰਾਮ ‘ਗਾਂਜਾ’ ਜ਼ਬਤ ਕਰਕੇ ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਮੁਤਾਬਕ ਇਨ੍ਹਾਂ ਨੂੰ ਫੜਨ ਲਈ ਰਾਜਾ ਗਾਰਡਨ ਫਲਾਈਓਵਰ ਨੇੜੇ ਜਾਲ ਵਿਛਾਇਆ ਗਿਆ ਸੀ। ਪੁੱਛ-ਗਿੱਛ ਦੌਰਾਨ ਵਿਜੈ ਨੇ ਖੁਲਾਸਾ ਕੀਤਾ ਕਿ ਉਹ ਵਿਨੀਤ ਨਾਮਕ ਨਸ਼ਾ ਤਸਕਰ ਲਈ ਕੈਰੀਅਰ ਵਜੋਂ ਕੰਮ ਕਰਦਾ ਸੀ ਅਤੇ ਨਾਗਪੁਰ ਤੋਂ ਨਸ਼ਾ ਲਿਆਉਂਦਾ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਹਾਲ ਹੀ ਵਿੱਚ ਖਾਸ ਇਨਪੁਟਸ ਦੇ ਅਧਾਰ ‘ਤੇ ਮੁਹਿੰਮ ਸ਼ੁਰੂ ਕੀਤੀ। 24 ਫਰਵਰੀ ਨੂੰ ਰਾਜਾ ਗਾਰਡਨ ਫਲਾਈਓਵਰ ਦੇ ਨੇੜੇ ਇੱਕ ਜਾਲ ਵਿਛਾਇਆ ਗਿਆ। ਰਾਜਸਥਾਨ ਦੇ ਰਹਿਣ ਵਾਲੇ ਵਿਜੇ ਸਿੰਘ (43) ਨੂੰ ਰੋਕਿਆ ਗਿਆ ਅਤੇ ਉਸ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗਾਂਜੇ ਵਾਲੀਆਂ 75 ਪਲਾਸਟਿਕ ਦੀਆਂ ਬੋਰੀਆਂ ਬਰਾਮਦ ਹੋਈਆਂ। ਵਿਨੀਤ ਦੀ ਮੁੱਖ ਭੂਮਿਕਾ ਦਿੱਲੀ ਦੇ ਸੋਨੀਆ ਵਿਹਾਰ ਦੇ ਰਹਿਣ ਵਾਲੇ ਅਮਿਤ ਨੂੰ ਖੇਪ ਪਹੁੰਚਾਉਣਾ ਸੀ। ਪੁਲੁਸ ਨੇ ਦੱਸਿਆ ਕਿ ਅਮਿਤ ਨੂੰ 28 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਅਮਿਤ ਵਿਨੀਤ ਦਾ ਕਰੀਬੀ ਰਿਸ਼ਤੇਦਾਰ ਸੀ ਅਤੇ ਉਸ ਨੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿਚ ਸੰਭਾਵੀ ਖਰੀਦਦਾਰਾਂ ਨੂੰ ਭੰਗ ਵੰਡਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਅਮਿਤ ਦਾ ਅਪਰਾਧਿਕ ਇਤਿਹਾਸ ਵੀ ਸੀ ਜਿਸ ਤਹਿਤ ਉਹ ਪਹਿਲਾਂ ਚਾਰ ਆਬਕਾਰੀ ਕੇਸਾਂ ਅਤੇ ਬਲਾਤਕਾਰ ਦੇ ਕੇਸ ਵਿੱਚ ਸ਼ਾਮਲ ਸੀ। ਵਿਆਪਕ ਡਰੱਗ ਨੈਟਵਰਕ ਵਿੱਚ ਉਸ ਦੀ ਭੂਮਿਕਾ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।