150 ਲਾਵਾਰਸ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ’ਚ ਛੱਡਿਆ

ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਸਤੰਬਰ

ਰਾਤ ਸਮੇਂ ਲਾਵਾਰਸ ਪਸ਼ੂਆਂ ਨੂੰ ਕਾਬੂ ਕਰਨ ’ਚ ਜੁਟੇ ਟੀਮ ਦੇ ਮੈਂਬਰ।

ਪਿਛਲੇ ਦੋ ਹਫ਼ਤਿਆਂ ਦੌਰਾਨ ਸ਼ਹਿਰ ਵਿੱਚੋਂ ਕਰੀਬ 150 ਲਾਵਾਰਸ ਪਸ਼ੂਆਂ ਨੂੰ ਕਾਬੂ ਕਰਕੇ ਗਊਸ਼ਾਲਾਵਾਂ ਵਿਚ ਛੱਡ ਦਿੱਤਾ ਗਿਆ ਹੈ। ਅਗਲੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਸੰਗਰੂਰ ਸ਼ਹਿਰ ਵਿੱਚੋਂ ਮੁਕੰਮਲ ਤੌਰ ’ਤੇ ਲਾਵਾਰਸ ਪਸ਼ੂਆਂ ਨੂੰ ਢੁਕਵੀਂਆਂ ਗਊਸ਼ਾਲਾਵਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਇਸ ਸਮੱਸਿਆ ਤੋਂ ਪੂਰਨ ਤੌਰ ਤੇ ਰਾਹਤ ਮਿਲ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਸ਼ਹਿਰ ’ਚੋ ਲਾਵਾਰਸ ਪਸ਼ੂਆਂ ਨੂੰ ਫੜ ਕੇ ਸਰਕਾਰੀ ਤੇ ਪ੍ਰਾਈਵੇਟ ਗਊਸ਼ਾਲਾਵਾਂ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸਹਾਰਾ ਪਸ਼ੂਆਂ ਕਾਰਨ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਦੇ ਯਤਨਾਂ ਤਹਿਤ ਨਗਰ ਕੌਂਸਲਾਂ ਦੇ ਕਾਰਜਸਾਧਕ ਅਧਿਕਾਰੀਆਂ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੂੰ ਸਾਰਥਕ ਕਦਮ ਪੁੱਟਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਨਗਰ ਕੌਂਸਲ ਸੰਗਰੂਰ ਦੇ ਈਓ ਰਮੇਸ਼ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ 10 ਮੈਂਬਰੀ ਟੀਮ ਲਗਾਈ ਹੈ ਜੋ ਕਿ ਰਾਤ 11 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਸੁਰੱਖਿਅਤ ਢੰਗ ਨਾਲ ਇਨ੍ਹਾਂ ਪਸ਼ੂਆਂ ਨੂੰ ਕਾਬੂ ਕਰਦੀ ਹੈ ਅਤੇ ਸਰਕਾਰੀ ਗਊਸ਼ਾਲਾ ਝਨੇੜੀ ਅਤੇ ਬਰਨਾਲਾ ਰੋਡ ਤੇ ਸਥਿਤ ਗਊਸ਼ਾਲਾ ਵਿੱਚ ਲਿਜਾਂਦੀ ਹੈ।