ਭੁਲੱਥ ਵਿੱਚ ਸਰਬਸੰਮਤੀ ਨਾਲ ਬਣੀਆਂ 15 ਪੰਚਾਇਤਾਂ
ਦਲੇਰ ਸਿੰਘ ਚੀਮਾ
ਭੁਲੱਥ, 2 ਅਕਤੂਬਰ
ਇੱਥੇ ਸਬ ਡਿਵੀਜ਼ਨ ਭੁਲੱਥ ਵਿੱਚ ਭਾਵੇਂ 17 ਸਰਪੰਚ ਤੇ 124 ਪੰਚਾਂ ਵੱਲੋਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰੀਆਂ ਗਈਆਂ, ਉਥੇ ਹੀ ਪੰਦਰਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਪਿੰਡ ਅਕਾਲਾ, ਬਾਗੜੀਆਂ, ਸਿੱਧਵਾਂ, ਜੋਗਿੰਦਰ ਨਗਰ, ਮੁਬਾਰਕਪੁਰ ਬਾਉਲੀ, ਰਾਏਪੁਰ ਪੀਰ ਬਖਸ਼, ਰਾਏਪੁਰ ਅਰਾਈਆਂ, ਤਲਵੰਡੀ ਕੂਕਾ, ਟਾਂਡੀ ਦਾਖਲੀ, ਬਾਜ਼ੀਗਰ ਬਸਤੀ ਦਮੂਲੀਆ, ਨੂਰਪੁਰ ਜੱਟਾਂ, ਸ਼ੇਰ ਸਿੰਘ ਵਾਲਾ, ਮੁਸਤਫਾਬਾਦ, ਤਲਵੰਡੀ ਹੂਸੇਵਾਲ, ਚੱਕੋਕੀ, ਨਿਹਾਲਗੜ੍ਹ, ਅਕਬਰਪੁਰ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਹਨ।
ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇੇ ਹਲਕੇ ਦੇ ਲੋਕਾਂ ਨੂੰ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਜੇ ਦਸ ਬਾਰਾਂ ਪੰਚਾਇਤਾਂ ਹੋਰ ਸਰਬਸੰਮਤੀ ਨਾਲ ਚੁਣੇ ਜਾਣ ਦੀ ਆਸ ਹੈ। ਇਸ ਮੌਕੇ ਉਨ੍ਹਾਂ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਕਾਗਜ਼ ਦਾਖ਼ਲ ਕਰਨ ਸਮੇਂ ਕਿਸੇ ਵੀ ਉਮੀਦਵਾਰ ਨੂੰ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਉਨ੍ਹਾਂ ਦੀ ਟੀਮ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਤੇ ਚੰਗੇ ਅਕਸ ਵਾਲੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਲਈ ਕਿਹਾ।
ਪਿੰਡ ਅਕਾਲਾ ਤੋਂ ਸਰਬਸੰਮਤੀ ਨਾਲ ਚੁਣੀ ਗਈ ਸਰਪੰਚ ਨਿਰਮਲ ਕੌਰ, ਰਾਏ ਪੁਰਪੀਰ ਬਖਸ਼ ਤੋਂ ਸੁਖਜਿੰਦਰ ਸਿੰਘ ਲਾਲੀਆ, ਜੋਗਿੰਦਰ ਨਗਰ ਤੋਂ ਅਜਮੇਰ ਕੌਰ, ਬਾਗੜੀਆਂ ਤੋਂ ਸੁਖਵਿੰਦਰ ਸਿੰਘ ਨੇ ਕਿਹਾ ਉਹ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਆਪੋ ਆਪਣੇ ਪਿੰਡਾਂ ਦਾ ਵਿਕਾਸ ਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਬੋਲੀ ਲੱਗ ਕੇ ਕਿਤੇ ਵੀ ਸਰਬਸੰਮਤੀ ਨਹੀਂ ਹੋਈ।
ਮੱਟੋਂ ਵਾਸੀਆਂ ਨੇ ਸਰਬਸੰਮਤੀ ਨਾਲ ਅੱਠਵੀਂ ਵਾਰ ਚੁਣੀ ਪੰਚਾਇਤ
ਗੜ੍ਹਸ਼ੰਕਰ (ਜੰਗ ਬਹਾਦਰ ਸਿੰਘ ਸੇਖੋਂ):
ਇਸ ਤਹਿਸੀਲ ਦੇ ਪਿੰਡ ਮੱਟੋਂ ਵਾਸੀਆਂ ਨੇ ਪੰਚਾਇਤੀ ਚੋਣਾਂ ਵਿੱਚ ਇਕ ਵਾਰ ਫਿਰ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਚੁਣੀ ਹੈ। ਉਨ੍ਹਾਂ ਨੇ ਅੱਠਵੀਂ ਵਾਰ ਪੰਚਾਇਤੀ ਅਹੁਦੇਦਾਰਾਂ ਦੀ ਚੋਣ ਕਰਨ ਦਾ ਰਿਕਾਰਡ ਬਣਾ ਦਿੱਤਾ ਹੈ। ਅਮਨਦੀਪ ਕੌਰ ਮੱਟੂ ਨੂੰ ਸਰਪੰਚ ਚੁਣਿਆ ਗਿਆ ਹੈ। ਸਰਬਸੰਮਤੀ ਨਾਲ ਚੁਣੀ ਪੰਚਾਇਤ ਦੇ ਅਹੁਦੇਦਾਰ ਅੱਜ ਜਦੋਂ ਬੀਡੀਪੀਓ ਦਫ਼ਤਰ ਪੁੱਜੇ ਤਾਂ ਇੱਥੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਬੰਧੀ ਐੱਨਓਸੀ (ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਲੈਣ ਵਾਲੇ ਹੋਰ ਪਿੰਡਾਂ ਦੇ ਉਮੀਦਵਾਰਾਂ ਲਈ ਪ੍ਰੇਰਨਾਸਰੋਤ ਬਣ ਗਏ। ਇਸ ਮੌਕੇ ਪਿੰਡ ਮੱਟੋਂ ਦੇ ਵਸਨੀਕਾਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਲੋਕਾਂ ਨੂੰ ਪਿੰਡਾਂ ਦੀ ਭਾਈਚਾਰਕ ਸਾਂਝ ਬਰਕਰਾਰ ਰੱਖ ਕੇ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦੀ ਅਪੀਲ ਕੀਤੀ। ਇਸ ਮੌਕੇ ਬੀਡੀਪੀਓ ਮਨਜਿੰਦਰ ਕੌਰ, ਕਾਮਰੇਡ ਦਰਸ਼ਨ ਸਿੰਘ ਮੱਟੂ ਤੇ ਬੀਬੀ ਸੁਭਾਸ਼ ਮੱਟੂ ਨੇ ਨਵੀਂ ਬਣੇ ਪੰਚਾਇਤੀ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਇਲਾਕਾ ਵਾਸੀਆਂ ਨੂੰ ਮਿੱਲ ਬੈਠ ਕੇ ਸਰਬਸੰਮਤੀ ਨਾਲ ਪੰਚਾਇਤਾਂ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਚੁਣੇ ਅਹੁਦੇਦਾਰਾਂ ਵਿੱਚ ਸਰਪੰਚ ਅਮਨਦੀਪ ਕੌਰ ਸਮੇਤ ਪੰਚਾਇਤ ਮੈਂਬਰਾਂ ਵਿੱਚ ਸੁਰਿੰਦਰ ਸਿੰਘ, ਤੇਜਿੰਦਰ ਸਿੰਘ, ਕੁਲਵਿੰਦਰ ਸਿੰਘ ਮੱਟੂ, ਮਨਜੀਤ ਕੌਰ ਅਤੇ ਸੁਰਜੀਤ ਕੌਰ ਹਾਜ਼ਰ ਸਨ। ਬੀਡੀਪੀਓ ਮਨਜਿੰਦਰ ਕੌਰ ਨੇ ਨਵੀਂ ਪੰਚਾਇਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੀਡੀਪੀਓ ਦਫਤਰ ਤੋਂ ਸੁਪਰਡੈਂਟ ਜੀਵਨ ਲਾਲ, ਪੰਚਾਇਤ ਸਕੱਤਰ ਮਨਜੀਤ ਕੌਰ ਆਦਿ ਹਾਜ਼ਰ ਸਨ।