ਬੈਰੂਤ ’ਚ ਇਜ਼ਰਾਈਲ ਦੇ ਹਮਲੇ ਕਾਰਨ 15 ਹਲਾਕ
ਬੈਰੂਤ, 23 ਨਵੰਬਰ
ਇਜ਼ਰਾਈਲ ਵੱਲੋਂ ਬੈਰੂਤ ’ਤੇ ਕੀਤੇ ਗਏ ਹਵਾਈ ਹਮਲੇ ’ਚ 15 ਵਿਅਕਤੀ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਉਧਰ ਕੂਟਨੀਤਕਾਂ ਨੇ ਗੋਲੀਬੰਦੀ ਦੇ ਸਮਝੌਤੇ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਲਿਬਨਾਨ ਦੇ ਸ਼ਹਿਰੀ ਸੁਰੱਖਿਆ ਵਿਭਾਗ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਹਾਲੇ ਵਧ ਸਕਦੀ ਹੈ ਕਿਉਂਕਿ ਮਲਬਾ ਹਟਾਉਣ ਦਾ ਕੰਮ ਜਾਰੀ ਹੈ ਅਤੇ ਕੁਝ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਇਜ਼ਰਾਈਲ ਵੱਲੋਂ ਪਿਛਲੇ ਇਕ ਹਫ਼ਤੇ ’ਚ ਲਿਬਨਾਨ ਦੀ ਰਾਜਧਾਨੀ ’ਚ ਕੀਤਾ ਗਿਆ ਇਹ ਚੌਥਾ ਹਮਲਾ ਹੈ। ਹਮਲਿਆਂ ’ਚ ਤੇਜ਼ੀ ਉਸ ਸਮੇਂ ਆਈ ਹੈ ਜਦੋਂ ਇਸ ਹਫ਼ਤੇ ਅਮਰੀਕੀ ਸਫ਼ੀਰ ਅਮੋਸ ਹੌਚਸਟੀਨ ਨੇ ਖ਼ਿੱਤੇ ਦਾ ਦੌਰਾ ਕਰਕੇ ਪਿਛਲੇ 13 ਮਹੀਨਿਆਂ ਤੋਂ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਚੱਲ ਰਹੀ ਜੰਗ ਦੇ ਖ਼ਾਤਮੇ ਲਈ ਗੋਲੀਬੰਦੀ ਦੇ ਸਮਝੌਤੇ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ।
ਹਮਲੇ ਸਥਾਨਕ ਸਮੇਂ ਮੁਤਾਬਕ ਸਵੇਰੇ 4 ਵਜੇ ਸ਼ੁਰੂ ਹੋਏ ਅਤੇ ਬੰਦਰਗਾਹ ਸ਼ਹਿਰ ਟਾਇਰ ’ਚ ਅੱਠ ਮੰਜ਼ਿਲਾ ਇਮਾਰਤ ਤਬਾਹ ਹੋ ਗਈ ਅਤੇ ਧਰਤੀ ’ਤੇ ਵੱਡਾ ਖੱਡਾ ਪੈ ਗਿਆ। ਇਸੇ ਤਰ੍ਹਾਂ ਡਰੋਨ ਹਮਲੇ ’ਚ ਵੀ ਇਕ ਵਿਅਕਤੀ ਮਾਰਿਆ ਗਿਆ। -ਏਪੀ
ਗਾਜ਼ਾ ’ਤੇ ਹਮਲੇ ’ਚ ਛੇ ਵਿਅਕਤੀਆਂ ਦੀ ਮੌਤ
ਇਜ਼ਰਾਈਲ ਨੇ ਸ਼ਨਿਚਰਵਾਰ ਨੂੰ ਗਾਜ਼ਾ ’ਤੇ ਵੀ ਹਮਲੇ ਜਾਰੀ ਰੱਖੇ। ਦੱਖਣੀ ਸ਼ਹਿਰ ਖ਼ਾਨ ਯੂਨਿਸ ’ਚ ਕੀਤੇ ਗਏ ਹਮਲੇ ਦੌਰਾਨ ਛੇ ਵਿਅਕਤੀ ਮਾਰੇ ਗਏ, ਜਿਨ੍ਹਾਂ ’ਚ ਤਿੰਨ ਬੱਚੇ ਅਤੇ ਦੋ ਔਰਤਾਂ ਸ਼ਾਮਲ ਹਨ। ਖ਼ਬਰ ਏਜੰਸੀ ਦੇ ਪੱਤਰਕਾਰਾਂ ਨੇ ਦੇਖਿਆ ਕਿ ਹਮਲੇ ਮਗਰੋਂ ਲੋਕਾਂ ’ਚ ਹਫ਼ੜਾ-ਦਫ਼ੜੀ ਮਚੀ ਹੋਈ ਸੀ ਅਤੇ ਖ਼ੂਨ ਨਾਲ ਲਿਬੜੇ ਬੱਚੇ ਇਕ-ਦੂਜੇ ਦੀ ਸਹਾਇਤਾ ਕਰ ਰਹੇ ਸਨ। ਗਾਜ਼ਾ ਪੱਟੀ ’ਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਦੌਰਾਨ ਮੌਤਾਂ ਦੀ ਗਿਣਤੀ 44 ਹਜ਼ਾਰ ਤੋਂ ਪਾਰ ਹੋ ਗਈ ਹੈ -ਏਪੀ