ਜੂਆ ਖੇਡਣ ਦੇ ਦੋਸ਼ ਹੇਠ 15 ਮੁਲਜ਼ਮ ਕਾਬੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਨਵੰਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਜੂਆ ਖੇਡਣ ਦੇ ਦੋਸ਼ ਹੇਠ 15 ਵਿਆਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮੌਕੇ ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ 8 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਹੈ। ਥਾਣੇਦਾਰ ਕਪਿਲ ਸ਼ਰਮਾ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਚੀਮਾ ਚੌਕ ’ਤੇ ਮੌਜੂਦ ਸੀ। ਇਸ ਮੌਕੇ ਸੂਚਨਾ ਮਿਲਣ ’ਤੇ ਪੁਲੀਸ ਨੇ ਕ੍ਰਿਸ਼ਨ ਬਹਾਦਰ ਤੇ ਰਾਮ ਸਿੰਘ ਸਮੇਤ ਕੁੱਲ 8 ਵਿਅਕਤੀਆਂ ਨੂੰ ਤਾਸ਼ ਨਾਲ ਪੈਸੇ ਲਾ ਕੇ ਚੀਮਾਂ ਚੌਕ ਨੇੜੇ ਪਾਰਕ ਵਿੱਚ ਬਣੇ ਟਿਊਬਵੈੱਲ ਵਾਲੇ ਕਮਰੇ ਵਿੱਚ ਬੈਠੇ ਜੂਆ ਖੇਡਦਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 24 ਹਜ਼ਾਰ 700 ਰੁਪਏ ਦੀ ਨਕਦੀ ਅਤੇ ਤਾਸ਼ ਬਰਾਮਦ ਹੋਈ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ 9 ਜਣਿਆਂ ਨੂੰ ਜੂਆ ਖੇਡਦਿਆਂ ਕਾਬੂ ਕੀਤਾ ਹੈ। ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਟੀ-ਪੁਆਇੰਟ ਗੁਪਤਾ ਹਸਪਤਾਲ ਹੰਬੜਾਂ ਰੋਡ ’ਤੇ ਗਸ਼ਤ ਦੌਰਾਨ ਊਧਮ ਸਿੰਘ ਨਗਰ ਮਾਰਕਿਟ ਕੋਲ ਬਣੀ ਪਾਰਕ ਵਿੱਚ ਬੈਠ ਕੇ ਤਾਸ਼ ਨਾਲ ਪੈਸੇ ਲਾ ਕੇ ਜੂਆ ਖੇਡਦੇ ਹੋਏ ਹਰੀ ਲਾਲ ਅਤੇ ਮੁਹੰਮਦ ਮਸੂਮ ਸਮੇਤ ਕੁਲ 7 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 31 ਹਜ਼ਾਰ 600 ਰੁਪਏ ਦੀ ਨਕਦੀ ਤੇ ਤਾਸ਼ ਬਰਾਮਦ ਕੀਤੀ ਹੈ।