ਕੁੱਤੇ ਦੇ ਵੱਢਣ ’ਤੇ ਮੁਆਵਜ਼ਾ ਦੇਣ ਸਬੰਧੀ ਮੀਟਿੰਗ ’ਚ 145 ਮਾਮਲੇ ਵਿਚਾਰੇ
ਆਤਿਸ਼ ਗੁਪਤਾ
ਚੰਡੀਗੜ੍ਹ, 19 ਸਤੰਬਰ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਕੁੱਤਿਆਂ ਵੱਲੋਂ ਵੱਢਣ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਬਣਾਈ ਕਮੇਟੀ ਦੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਕਮੇਟੀ ਕੋਲ ਸ਼ਹਿਰ ਵਿੱਚ ਕੁੱਤਿਆ ਦੇ ਵੱਢਣ ’ਤੇ ਮੁਆਵਜ਼ਾ ਲੈਣ ਲਈ 145 ਅਰਜ਼ੀਆਂ ਪਹੁੰਚੀਆਂ। ਇਸ ਵਿੱਚ ਦੋ ਮਾਮਲੇ ਬਾਂਦਰ ਦੇ ਵੱਢਣ ਅਤੇ 4 ਹਾਦਸਿਆਂ ਦੇ ਵੀ ਸਨ। ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਕਮੇਟੀ ਵੱਲੋਂ ਉਕਤ ਮਾਮਲਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ, ਪਰ ਕੁਝ ਕਾਰਨਾਂ ਕਰਕੇ ਕੋਈ ਫੈਸਲਾਂ ਨਹੀਂ ਲਿਆ ਜਾ ਸੱਕਿਆ। ਕਮੇਟੀ ਵੱਲੋਂ ਪੀੜਤਾਂ ਨੂੰ ਮੁਆਵਜ਼ਾ ਦੇਣ ਬਾਰੇ ਆਖਰੀ ਫੈਸਲਾ ਅਗਲੀ ਮੀਟਿੰਗ ਵਿੱਚ ਲਿਆ ਜਾਵੇਗਾ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਕਮੇਟੀ ਵੱਲੋਂ ਅਗਲੀ ਮੀਟਿੰਗ 20 ਸਤੰਬਰ ਦਿਨ ਸ਼ੁੱਕਰਵਾਰ ਨੂੰ ਸੱਦੀ ਗਈ ਹੈ। ਉਸ ਮੀਟਿੰਗ ਵਿੱਚ ਵਿਚਾਰ ਕਰਕੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁੱਤਿਆ ਦੇ ਵੱਡਣ ’ਤੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਸੀ। ਮਾਨਯੋਗ ਹਾਈ ਕੋਰਟ ਦੇ ਫੈਸਲੇ ਅਨੁਸਾਰ ਕੁੱਤੇ ਦੇ ਵੱਢਣ ਦੇ ਮਾਮਲਿਆਂ ਵਿੱਚ ਹਰੇਕ ਦੰਦ ਦੇ ਨਿਸ਼ਾਨ ਲਈ 10,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਮਾਮਲਿਆਂ ਲਈ ਜਿੱਥੇ ਚਮੜੀ ਤੋਂ 0.2 ਸੈਂਟੀਮੀਟਰ ਤੱਕ ਮਾਸ ਕੱਢਿਆ ਜਾਂਦਾ ਹੈ, ਉੱਥੇ ਵੀ ਪ੍ਰਤੀ ਨਿਸ਼ਾਨ 10,000 ਰੁਪਏ ਦਿੱਤੇ ਜਾਣਗੇ। ਹਾਲਾਂਕਿ ਇਸ ਬਾਰੇ ਫੈਸਲਾ ਇਕ ਵਿਸ਼ੇਸ਼ ਕਮੇਟੀ ਵੱਲੋਂ ਲਿਆ ਜਾਵੇਗਾ। ਯੂਟੀ ਪ੍ਰਸ਼ਾਸਨ ਵੱਲੋਂ ਮਾਨਯੋਗ ਹਾਈ ਕੋਰਟ ਦੇ ਹੁਕਮਾ ’ਤੇ ਇਸ ਕਮੇਟੀ ਦਾ ਗਠਨ 2 ਜੁਲਾਈ ਨੂੰ ਕੀਤਾ ਗਿਆ ਸੀ।