ਆਈਟੀਬੀਪੀ ਭਾਨੂੰ ਕੈਂਪ ’ਚ ਕੁੱਤਿਆਂ ਨੂੰ 14 ਹਫਤਿਆਂ ਦੀ ਸਿਖਲਾਈ
ਪੀ.ਪੀ. ਵਰਮਾ
ਪੰਚਕੂਲਾ, 1 ਜੁਲਾਈ
ਇੰਡੋ ਤਿੱਬਤਨ ਬਾਰਡਰ ਪੁਲੀਸ ਬਲ (ਆਈਟੀਬੀਪੀ) ਭਾਨੂੰ ਕੈਂਪ, ਪੰਚਕੂਲਾ ਦੇ ਨੈਸ਼ਨਲ ਟਰੇਨਿੰਗ ਸੈਂਟਰ ਫਾਰ ਡੌਗ ਐਂਡ ਐਨੀਮਲ ਵੱਲੋਂ ਹਰਿਆਣਾ ਪੁਲੀਸ ਦੇ ਡੌਗ ਸਕੁਐਡ 14 ਕੁੱਤਿਆਂ ਨੂੰ ਸਿਖਲਾਈ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਹ ਕੁੱਤੇ ਆਪਣੀ ਸੁੰਘਣ ਸ਼ਕਤੀ ਰਾਹੀਂ ਹਰਿਆਣਾ ਪੁਲੀਸ ਨੂੰ ਸਹਿਯੋਗ ਕਰਨਗੇ।
ਇਨ੍ਹਾਂ ਕੁੱਤਿਆਂ ਨੂੰ ਬਾਰੂਦ ਅਤੇ ਨਸ਼ੀਲੇ ਪਦਾਰਥ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਵਸਤਾਂ ਸੁੰਘਣ ਦੀ ਸਿਖਲਾਈ ਦਿੱਤੀ ਜਾਵੇਗੀ। ਇਨ੍ਹਾਂ ਕੁੱਤਿਆਂ ਨੂੰ ਫਿਲਹਾਲ ਤਿੰਨ ਤਰ੍ਹਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਆਈਟੀਬੀਪੀ ਦੇ ਆਈਜੀ ਈਸ਼ਵਰ ਸਿੰਘ ਦੂਹਨ ਨੇ ਦੱਸਿਆ ਕਿ ਸਿਖਲਾਈ ਲੈ ਰਹੇ ਇਹ ਕੁੱਤੇ ਹਰਿਆਣਾ ਪੁਲੀਸ ਦੇ ਬਲ ਨੂੰ ਹੋਰ ਮਜ਼ਬੂਤ ਕਰਨਗੇ ਤੇ ਇਨ੍ਹਾਂ ਕੁੱਤਿਆਂ ਦੀ ਸਿਖਲਾਈ ਤੋਂ ਬਾਅਦ ਅਪਰਾਧੀਆਂ ਨੂੰ ਫੜਨਾ ਹੋਰ ਵੀ ਆਸਾਨ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ 12 ਹਫ਼ਤਿਆਂ ਤੱਕ ਚੱਲੇਗੀ ਅਤੇ ਇਨ੍ਹਾਂ ਕੁੱਤਿਆਂ ਨੂੰ ਦਿੱਤੀ ਜਾਣ ਵਾਲੀ ਸਿਖਲਾਈ ਵਿੱਚ ਉੱਠਣਾ-ਬੈਠਣਾ, ਭੱਜਣਾ, ਸੁੰਘ ਕੇ ਵਾਪਸ ਆਉਣਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਤੋਂ ਬਾਅਦ ਇਹ ਕੁੱਤੇ ਆਪਣੇ ਕੰਮ ਦੇ ਪੂਰੀ ਤਰ੍ਹਾਂ ਮਾਹਿਰ ਹੋ ਜਾਣਗੇ।