ਗਾਜ਼ਾ ’ਚ ਇਜ਼ਰਾਇਲੀ ਹਮਲਿਆਂ ’ਚ 14 ਫਲਸਤੀਨੀ ਹਲਾਕ
ਦੀਰ ਅਲ ਬਲਾਹ, 12 ਨਵੰਬਰ
ਗਾਜ਼ਾ ’ਚ ਇਜ਼ਰਾਈਲ ਵੱਲੋਂ ਕੀਤੇ ਦੋ ਹਮਲਿਆਂ ਵਿੱਚ ਦੋ ਬੱਚਿਆਂ ਤੇ ਮਹਿਲਾ ਸਮੇਤ ਘੱਟ ਤੋਂ ਘੱਟ 14 ਜਣਿਆਂ ਦੀ ਮੌਤ ਹੋ ਗਈ। ਫਲਸਤੀਨ ਦੇ ਮੈਡੀਕਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਇਹ ਹਮਲੇ ਜਿਨ੍ਹਾਂ ਖੇਤਰਾਂ ’ਤੇ ਕੀਤੇ ਗਏ ਹਨ ਉਨ੍ਹਾਂ ’ਚੋਂ ਜ਼ਿਆਦਾਤਰ ਇਲਾਕਾ ਇਜ਼ਰਾਈਲ ਵੱਲੋਂ ਐਲਾਨਿਆ ਮਨੁੱਖੀ ਖੇਤਰ ਹੈ। ਜ਼ਖ਼ਮੀਆਂ ਨੂੰ ਨਾਸਿਰ ਹਸਪਤਾਲ ਤੇ ਅਲ-ਅਵਦਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਲੰਘੀ ਦੇਰ ਰਾਤ ਖਾਨ ਯੂਨਿਸ ਸ਼ਹਿਰ ਦੇ ਪੱਛਮ ’ਚ ਕਥਿਤ ਤੌਰ ’ਤੇ ਮੁਵਾਸੀ ਮਨੁੱਖੀ ਖੇਤਰ ’ਚ ਕੈਫੇਟੇਰੀਆ ’ਤੇ ਹਮਲਾ ਹੋਇਆ, ਜਿਸ ਵਿੱਚ ਦੋ ਬੱਚਿਆਂ ਸਮੇਤ ਘੱਟ ਤੋਂ ਘੱਟ 11 ਜਣਿਆਂ ਦੀ ਮੌਤ ਹੋ ਗਈ। ਅਲ-ਅਵਦਾ ਹਸਪਤਾਲ ਅਨੁਸਾਰ ਅੱਜ ਸਵੇਰੇ ਮੱਧ ਗਾਜ਼ਾ ਦੇ ਸ਼ਹਿਰ ਨੁਸੇਰਾਤ ਸ਼ਰਨਾਰਥੀ ਕੈਂਪ ’ਚ ਇੱਕ ਘਰ ’ਤੇ ਹਮਲਾ ਕੀਤਾ ਗਿਆ ਜਿਸ ਵਿੱਚ ਇੱਕ ਮਹਿਲਾ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਹਸਪਤਾਲ ਅਨੁਸਾਰ ਹਮਲੇ ’ਚ 11 ਹੋਰ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਇਨ੍ਹਾਂ ਹਮਲਿਆਂ ਦੇ ਸਬੰਧ ਵਿੱਚ ਇਜ਼ਰਾਈਲ ਨੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਹਮਲਾ ਇਜ਼ਰਾਇਲੀ ਸੈਨਾ ਵੱਲੋਂ ਖੇਤਰ ਦੇ ਵਿਸਤਾਰ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੋਇਆ ਜਿੱਥੇ ਉਸ ਨੇ ਗਾਜ਼ਾ ਦੇ ਹੋਰ ਹਿੱਸਿਆਂ ਤੋਂ ਨਿਕਲਣ ਵਾਲੇ ਫਲਸਤੀਨੀਆਂ ਨੂੰ ਪਨਾਹ ਲੈਣ ਲਈ ਕਿਹਾ ਹੈ। ਹਜ਼ਾਰਾਂ ਦੀ ਗਿਣਤੀ ’ਚ ਉੱਜੜੇ ਫਲਸਤੀਨੀ ਦੱਖਣੀ ਗਾਜ਼ਾ ਦੇ ਭੂਮੱਧ ਸਾਗਰੀ ਤੱਟ ’ਤੇ ਕੁਝ ਸਹੂਲਤਾਂ ਜਾਂ ਸੇਵਾਵਾਂ ਦੇ ਨਾਲ ਮੁਵਾਸੀ ਦੇ ਉਜਾੜ ਇਲਾਕੇ ’ਚ ਕੈਂਪਾਂ ’ਚ ਪਨਾਹ ਲੈ ਰਹੇ ਹਨ। ਇਜ਼ਰਾਇਲੀ ਹਮਲਿਆਂ ’ਚ ਹੁਣ ਤੱਕ 43 ਹਜ਼ਾਰ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ।
ਇਸੇ ਦੌਰਾਨ ਇਜ਼ਰਾਈਲ ਨੇ ਲਿਬਨਾਨ ਦੀ ਰਾਜਧਾਨੀ ਦੇ ਬੈਰੂਤ ਦੇ ਦੱਖਣੀ ਨੀਮ ਸ਼ਹਿਰੀ ਖੇਤਰ ’ਚ ਹਵਾਈ ਹਮਲੇ ਕੀਤੇ। ਇਜ਼ਰਾਈਲ ਵੱਲੋਂ ਇਹ ਹਮਲੇ ਫੌਜ ਵੱਲੋਂ ਇਲਾਕਾ ਖਾਲੀ ਕਰਨ ਦੇ ਦਿੱਤੇ ਹੁਕਮਾਂ ਮਗਰੋਂ ਕੀਤੇ ਗਏ ਹਨ। ਫਿਲਹਾਲ ਇਨ੍ਹਾਂ ਹਮਲਿਆਂ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਤੋਂ ਲੰਘੀ ਰਾਤ ਉੱਤਰੀ ਲਿਬਨਾਨ ਦੇ ਆਇਨ ਯਾਕੂਬ ਪਿੰਡ ’ਚ ਕੀਤੇ ਗਏ ਹਮਲੇ ’ਚ ਘੱਟ ਤੋਂ ਘੱਟ 16 ਜਣੇ ਮਾਰੇ ਗਏ ਸਨ। -ਏਪੀ
ਗਾਜ਼ਾ ’ਚ ਮਨੁੱਖੀ ਸਹਾਇਤਾ ਵਧਾਉਣ ’ਚ ਨਾਕਾਮ ਰਿਹਾ ਇਜ਼ਰਾਈਲ
ਯੇਰੂਸ਼ਲਮ:
ਇਜ਼ਰਾਈਲ ਜੰਗ ਪ੍ਰਭਾਵਿਤ ਗਾਜ਼ਾ ਪੱਟੀ ’ਚ ਵੱਧ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਇਜਾਜ਼ਤ ਦੇਣ ਦੀ ਅਮਰੀਕਾ ਦੀ ਮੰਗ ਪੂਰੀ ਕਰਨ ’ਚ ਨਾਕਾਮ ਰਿਹਾ ਹੈ। ਕੌਮਾਂਤਰੀ ਸਹਾਇਤਾ ਸਮੂਹਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਇਜ਼ਰਾਈਲ ਨੂੰ ਗਾਜ਼ਾ ’ਚ ਵੱਧ ਖੁਰਾਕੀ ਪਦਾਰਥ ਭੇਜਣ ਅਤੇ ਹੋਰ ਐਮਰਜੈਂਸੀ ਸਹਾਇਤਾ ਵਧਾਉਣ ਦਾ ਸੱਦਾ ਦਿੱਤਾ ਸੀ ਅਤੇ ਇਸ ਲਈ 30 ਦਿਨ ਦਾ ਸਮਾਂ ਦਿੱਤਾ ਸੀ ਜੋ ਅੱਜ ਖਤਮ ਹੋ ਰਿਹਾ ਹੈ। ਪ੍ਰਸ਼ਾਸਨ ਨੇ ਇਹ ਮੰਗਾਂ ਪੂਰੀਆਂ ਨਾ ਕਰਨ ’ਤੇ ਇਜ਼ਰਾਈਲ ਨੂੰ ਨਤੀਜੇ ਭੁਗਤਨ ਦੀ ਚਿਤਾਵਨੀ ਵੀ ਦਿੱਤੀ ਸੀ। ਅਮਰੀਕਾ ਨੇ ਇਜ਼ਰਾਈਲ ਨੂੰ ਚੌਕਸ ਕੀਤਾ ਸੀ ਕਿ ਉਸ ਨੂੰ ਅਗਲੇ 30 ਦਿਨ ਅੰਦਰ ਗਾਜ਼ਾ ’ਚ ਮਨੁੱਖੀ ਸਹਾਇਤਾ ਵਧਾਉਣੀ ਹੋਵੇਗੀ ਨਹੀਂ ਤਾਂ ਉਸ ਲਈ ਅਮਰੀਕੀ ਹਥਿਆਰਾਂ ਤੱਕ ਪਹੁੰਚ ਖਤਮ ਹੋਣ ਦਾ ਜੋਖਮ ਪੈਦਾ ਹੋ ਸਕਦਾ ਹੈ। ਇਜ਼ਰਾਈਲ ਨੇ ਗਾਜ਼ਾ ’ਚ ਸਥਿਤੀ ਸੁਧਾਰਨ ਲਈ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਹੈ ਪਰ ਅਮਰੀਕੀ ਅਧਿਕਾਰੀਆਂ ਨੇ ਹਾਲ ਹੀ ਵਿੱਚ ਇਹ ਸੰਕੇਤ ਦਿੱਤਾ ਸੀ ਕਿ ਇਜ਼ਰਾਈਲ ਅਜੇ ਵੀ ਲੋੜੀਂਦੇ ਕਦਮ ਨਹੀਂ ਚੁੱਕ ਰਿਹਾ। -ਏਪੀ