ਪਟਿਆਲਾ ਵਿੱਚ ਪੇਚਸ਼ ਦੇ 14 ਨਵੇਂ ਮਰੀਜ਼ ਆਏ
ਪੱਤਰ ਪ੍ਰੇਰਕ
ਪਟਿਆਲਾ, 25 ਜੁਲਾਈ
ਪਟਿਆਲਾ ਵਿੱਚ ਪੇਚਸ਼ ਦੇ ਮਰੀਜ਼ਾਂ ਦੀ ਗਿਣਤੀ ਘਟਣ ਲੱਗੀ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਨਿਊ ਯਾਦਵਿੰਦਰ ਕਲੋਨੀ, ਦਾਣਾ ਮੰਡੀ, ਤਾਰ ਫ਼ੈਕਟਰੀ ਤੇ ਅਬਚਲ ਨਗਰ ਵਿੱਚ ਅੱਜ 14 ਨਵੇਂ ਕੇਸ ਮਰੀਜ਼ ਮਿਲੇ ਹਨ। ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਦੱਸਿਆ ਕਿ ਉਹ ਜ਼ਿਲ੍ਹੇ ਵਿੱਚ ਪੇਚਸ਼ ਨੂੰ ਕੰਟਰੋਲ ਕਰਨ ਵਿਚ ਕੀਤੀ ਕਾਰਵਾਈ ਤੋਂ ਸੰਤੁਸ਼ਟ ਹਨ। ਦੂਜੇ ਪਾਸੇ ਪਟਿਆਲਾ ਨਿਊ ਯਾਦਵਿੰਦਰਾ ਕਲੋਨੀ ਵਾਸੀ ਮਦਨ ਲਾਲ ਦੀ ਪੇਚਸ਼ ਕਾਰਨ ਮੌਤ ਹੋ ਗਈ ਸੀ। ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਟਿਆਲਾ ਨਗਰ ਨਿਗਮ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਪੁੱਜੇ। ਉਨ੍ਹਾਂ ਕਿਹਾ ਕਿ ਬਹੁਤ ਹੀ ਅਫ਼ਸੋਸ ਦੀ ਗੱਲ ਹੈ, ਕਿ ਸਰਕਾਰ ਦੀ ਲਾਪਰਵਾਹੀ ਨਾਲ ਮਦਨ ਲਾਲ ਦਾ ਦੇਹਾਂਤ ਹੋਣ ਤੋਂ ਬਾਅਦ ਵੀ ਪੰਜਾਬ ਸਰਕਾਰ ਦੁਆਰਾ ਕੋਈ ਵੀ ਅਫ਼ਸਰ ਜਾਂ ਨੁਮਾਇੰਦਾ ਸਸਕਾਰ ’ਤੇ ਨਹੀਂ ਪੁੱਜਿਆ, ਨਾ ਹੀ ਕਿਸੇ ਤਰ੍ਹਾਂ ਦੀ ਮਾਲੀ ਮਦਦ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮਦਨ ਲਾਲ ਦਾ ਪੁੱਤਰ ਜਗਦੀਪ ਵੀ ਪੇਚਸ਼ ਦੀ ਬਿਮਾਰੀ ਨਾਲ ਮਾੜੀ ਹਾਲਾਤ ਵਿਚ ਹੈ। ਵੱਖ ਵੱਖ ਕਲੋਨੀਆਂ, ਤ੍ਰਿਪੜੀ ਦੀ ਸਰਕਾਰੀ ਡਿਸਪੈਂਸਰੀ ਅਤੇ ਹਸਪਤਾਲਾਂ ਵਿਚ ਕਾਫ਼ੀ ਮਰੀਜ਼ ਦਾਖ਼ਲ ਹਨ। ਇਨ੍ਹਾਂ ਸਾਰੇ ਗ਼ਰੀਬ ਪਰਿਵਾਰ ਨੂੰ ਖਾਣ ਪੀਣ ਲਈ ਅਤੇ ਪਰਿਵਾਰ ਦੀ ਦੇਖ ਭਾਲ ਲਈ ਕੋਈ ਵੀ ਮਦਦ ਨਹੀਂ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਾਬਕਾ ਮੇਅਰ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦਾ ਹਾਲ ਚਾਲ ਵੀ ਪੁੱਛਿਆ। ਭਾਜਪਾ ਪਟਿਆਲਾ (ਸ਼ਹਿਰੀ) ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਤੁਰੰਤ ਮ੍ਰਿਤਕ ਮਦਨ ਲਾਲ ਦੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ ਅਤੇ ਵਾਰਸਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।