ਸੋਨੀਆ ਤੇ ਵੈਸ਼ਨਵ ਸਣੇ 14 ਆਗੂਆਂ ਨੇ ਸਹੁੰ ਚੁੱਕੀ
ਨਵੀਂ ਦਿੱਲੀ, 4 ਅਪਰੈਲ
ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਸਣੇ 14 ਆਗੂਆਂ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਸੰਸਦ ਸਦਨ ਦੀ ਨਵੀਂ ਇਮਾਰਤ ਵਿੱਚ ਇਨ੍ਹਾਂ ਮੈਂਬਰਾਂ ਨੂੰ ਸਹੁੰ ਚੁਕਾਈ। ਸੋਨੀਆ ਗਾਂਧੀ ਨੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਜਦਕਿ ਵੈਸ਼ਨਵ ਨੇ ਉੜੀਸਾ ਤੋਂ ਉੱਪਰਲੇ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ। ਇਨ੍ਹਾਂ ਤੋਂ ਇਲਾਵਾ ਕਰਨਾਟਕ ਤੋਂ ਕਾਂਗਰਸੀ ਆਗੂ ਅਜੈ ਮਾਕਨ ਤੇ ਸਈਦ ਨਸੀਰ ਹੁਸੈਨ, ਉੱਤਰ ਪ੍ਰਦੇਸ਼ ਤੋਂ ਭਾਜਪਾ ਆਗੂ ਆਰਪੀਐੱਨ ਸਿੰਘ ਅਤੇ ਪੱਛਮੀ ਬੰਗਾਲ ਤੋਂ ਭਾਜਪਾ ਮੈਂਬਰ ਸਮਿਕ ਭੱਟਾਚਾਰੀਆ, ਬਿਹਾਰ ਤੋਂ ਜਨਤਾ ਦਲ (ਯੂਨਾਈਟਿਡ) ਦੇ ਸੰਜੈ ਕੁਮਾਰ ਝਾਅ, ਉੜੀਸਾ ਤੋਂ ਬੀਜੇਡੀ ਦੇ ਸੁਭਾਸ਼ੀਸ਼ ਖੁੰਟੀਆ ਤੇ ਦੇਬਾਸ਼ੀਸ਼ ਸਾਮੰਤਰੇਅ ਅਤੇ ਰਾਜਸਥਾਨ ਤੋਂ ਮਦਨ ਰਾਠੌੜ ਨੇ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ। ਇਸੇ ਤਰ੍ਹਾਂ ਵਾਈਐੱਸਆਰਸੀਪੀ ਦੇ ਆਗੂ ਗੋਲਾ ਬਾਬੂਰਾਓ, ਮੇਦਾ ਰਘੂਨਧਾ ਰੈੱਡੀ ਤੇ ਯੈਰਮ ਵੇਂਕਟਾ ਸੁੱਬਾ ਰੈੱਡੀ ਅਤੇ ਬੀਆਰਐੱਸ ਦੇ ਆਗੂ ਰਵੀ ਚੰਦਰ ਵੱਡੀ ਰਾਜੂ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਇਨ੍ਹਾਂ ਸਾਰੇ ਮੈਂਬਰਾਂ ਨੇ ਰਾਜ ਸਭਾ ਦੇ ਸਭਾਪਤੀ ਨਾਲ ਇਕ ਸਾਂਝੀ ਤਸਵੀਰ ਵੀ ਖਿਚਵਾਈ। ਰਾਜ ਸਭਾ ਸਕੱਤਰੇਤ ਨੇ ਕਿਹਾ ਕਿ ਉੜੀਸਾ ਤੇ ਰਾਜਸਥਾਨ ਦੇ ਮੈਂਬਰਾਂ ਦਾ ਕਾਰਜਕਾਲ ਵੀਰਵਾਰ ਤੋਂ ਸ਼ੁਰੂ ਹੋਇਆ ਹੈ ਜਦਕਿ ਬਾਕੀ ਸਾਰਿਆਂ ਦਾ ਕਾਰਜਕਾਲ ਬੁੱਧਵਾਰ ਤੋਂ ਸ਼ੁਰੂ ਹੋ ਗਿਆ ਸੀ। ਸੋਨੀਆ ਗਾਂਧੀ ਪਹਿਲੀ ਵਾਰ ਰਾਜ ਸਭਾ ਮੈਂਬਰ ਬਣੇ ਹਨ। ਉਨ੍ਹਾਂ ਨੇ ਸਦਨ ਦੇ ਨੇਤਾ ਪਿਊਸ਼ ਗੋਇਲ ਅਤੇ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਹਾਜ਼ਰੀ ਵਿੱਚ ਸਹੁੰ ਚੁੱਕੀ। -ਪੀਟੀਆਈ