ਕਾਰੋਬਾਰੀ ਦੀ ਕਾਰ ’ਚੋਂ 14 ਲੱਖ ਰੁਪਏ ਗਾਇਬ
ਗਗਨਦੀਪ ਅਰੋੜਾ
ਲੁਧਿਆਣਾ, 21 ਨਵੰਬਰ
ਅਹਿਮਦਗੜ੍ਹ ਤੋਂ ਵਿਸ਼ਵਕਰਮਾ ਚੌਕ ਨੇੜੇ ਸਥਿਤ ਆਈਸੀਆਈਸੀਆਈ ਬੈਂਕ ’ਚ ਪੈਸੇ ਜਮ੍ਹਾਂ ਕਰਵਾਉਣ ਆਏ ਲਿਫਾਫਾ ਕਾਰੋਬਾਰੀ ਦੀ ਕਾਰ ਵਿੱਚੋਂ 14 ਲੱਖ ਰੁਪਏ ਵਾਲਾ ਬੈਗ ਚੋਰੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਉੱਚ ਪੁਲੀਸ ਅਧਿਕਾਰੀ ਤੇ ਡਿਵੀਜ਼ਨ ਨੰਬਰ 6 ਦੀ ਪੁਲੀਸ ਤੇ ਚੌਕੀ ਮਿਲਰਗੰਜ ਦੀ ਪੁਲੀਸ ਦੀ ਟੀਮ ਮੌਕੇ ’ਤੇ ਪੁੱਜ ਗਈ। ਪੁਲੀਸ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਵਿਅਕਤੀ ਦਾ ਬੈਂਕ ਵਿੱਚ ਕੋਈ ਖਾਤਾ ਨਹੀਂ ਹੈ। ਲਿਫਾਫਾ ਕਾਰੋਬਾਰੀ ਯਸ਼ਿਕ ਸਿੰਗਲਾ ਨੇ ਦੱਸਿਆ ਕਿ ਉਹ ਅਹਿਮਦਗੜ੍ਹ ਦਾ ਰਹਿਣ ਵਾਲਾ ਹੈ। ਉਸ ਦਾ ਆਈਸੀਆਈਸੀਆਈ ਬੈਂਕ ਵਿੱਚ ਲੋਨ ਚੱਲ ਰਿਹਾ ਸੀ। ਵੀਰਵਾਰ ਨੂੰ ਉਹ ਆਪਣੇ ਦੋਸਤ ਨਾਲ ਵਿਸ਼ਵਕਰਮਾ ਚੌਕ ਨੇੜੇ ਸਥਿਤ ਝੰਡੂ ਟਾਵਰ ਦੀ ਬੈਂਕ ਬਰਾਂਚ ’ਚ ਪੈਸੇ ਜਮ੍ਹਾਂ ਕਰਵਾਉਣ ਆਇਆ ਸੀ। ਉਹ ਕਾਰ ਨੂੰ ਲੌਕ ਕਰ ਕੇ ਅੰਦਰ ਚਲਾ ਗਿਆ, ਜਦੋਂ ਕਿ ਉਸ ਦਾ ਸਾਥੀ ਕਾਰ ਕੋਲ ਖੜ੍ਹਾ ਸੀ। ਇਸੇ ਦੌਰਾਨ ਪਿੱਛੇ ਤੋਂ ਕਿਸੇ ਨੇ ਕਾਰ ਵਿੱਚ ਪਿਆ ਲੈਪਟਾਪ ਬੈਗ ਚੋਰੀ ਕਰ ਲਿਆ। ਬੈਗ ਵਿੱਚ ਲੈਪਟਾਪ ਤੋਂ ਇਲਾਵਾ 14 ਲੱਖ ਰੁਪਏ ਅਤੇ ਹੋਰ ਦਸਤਾਵੇਜ਼ ਵੀ ਸ਼ਾਮਲ ਸਨ। ਯਸ਼ਿਕ ਅਨੁਸਾਰ ਬੈਂਕ ਵਾਲਿਆਂ ਨੇ ਉਸ ਨੂੰ ਪੈਸੇ ਕਿਸੇ ਹੋਰ ਬਰਾਂਚ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ ਅਤੇ ਜਦੋਂ ਉਹ ਬਾਹਰ ਆਇਆ ਤਾਂ ਕਾਰ ਵਿੱਚ ਰੱਖਿਆ ਉਸ ਦਾ ਬੈਗ ਗਾਇਬ ਸੀ। ਜਦੋਂ ਉਸ ਨੇ ਆਪਣੇ ਦੋਸਤ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਕੁਝ ਨਹੀਂ ਪਤਾ। ਇਸ ਤੋਂ ਬਾਅਦ ਉਸ ਨੇ ਪੁਲੀਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੇ ਮਿਲਰਗੰਜ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ’ਚ ਮਾਮਲਾ ਸ਼ੱਕੀ ਜਾਪਦਾ ਹੈ। ਨਾ ਤਾਂ ਕਾਰ ਦਾ ਤਾਲਾ ਅਤੇ ਨਾ ਹੀ ਕੋਈ ਸ਼ੀਸ਼ਾ ਟੁੱਟਿਆ, ਪੈਸੇ ਕਿਵੇਂ ਗਾਇਬ ਹੋ ਗਏ? ਜਦੋਂ ਕਿ ਇੱਕ ਵਿਅਕਤੀ ਕਾਰ ਦੇ ਕੋਲ ਖੜ੍ਹਾ ਸੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।