ਵਿਦੇਸ਼ ਭੇਜਣ ਦੇ ਨਾਂ ’ਤੇ 14 ਲੱਖ ਠੱਗੇ
ਨਿੱਜੀ ਪੱਤਰ ਪ੍ਰੇਰਕ
ਖੰਨਾ, 1 ਅਪਰੈਲ
ਸ਼ਹਿਰ ਵਾਸੀਆਂ ਨੇ ਨੌਜਵਾਨ ਨੂੰ ਇਟਲੀ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 13 ਲੱਖ 85 ਹਜ਼ਾਰ ਰੁਪਏ ਦੀ ਠੱਗੀ ਮਾਰੀ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਨੌਜਵਾਨ ਦੀ ਮਾਂ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਦਾ ਜਿਨਸੀ ਸ਼ੋਸ਼ਣ ਵੀ ਕੀਤਾ। ਇਸ ਮਾਮਲੇ ਵਿਚ ਥਾਣਾ ਸਿਟੀ ਪੁਲੀਸ ਨੇ ਔਰਤ ਦੀ ਸ਼ਿਕਾਇਤ ’ਤੇ ਪੰਮਾ ਸਿੰਘ, ਜੀਤਾ ਰਾਮ ਤੇ ਦੀਪਕ ਬੈਂਡੀ ਵਾਸੀ ਬਾਜ਼ੀਗਰ ਬਸਤੀ ਸਮਰਾਲਾ ਰੋਡ ਖੰਨਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੀਪਕ ਬੈਂਡੀ ਜਰਮਨ ਵਿਚ ਰਹਿਣ ਵਾਲੇ ਪੰਮਾ ਸਿੰਘ ਦਾ ਭਤੀਜਾ ਹੈ, ਜੋ 2021 ਵਿਚ ਭਾਰਤ ਆਇਆ ਸੀ। ਉਸ ਸਮੇਂ ਪੰਮਾ ਸਿੰਘ ਤੇ ਜੀਤਾ ਰਾਮ ਦੀ ਹਾਜ਼ਰੀ ਵਿਚ ਉਸ ਨੇ ਬੈਂਡੀ ਨਾਲ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਦੀ ਗੱਲ ਕੀਤੀ ਸੀ। ਤਿੰਨਾਂ ਨੇ ਉਸ ਦੇ ਪੁੱਤਰ ਨੂੰ 15 ਲੱਖ ਵਿੱਚ ਇਟਲੀ ਭੇਜਣ ਦਾ ਭਰੋਸਾ ਦਿੱਤਾ ਸੀ, ਇਸ ਉਪਰੰਤ ਬੈਂਡੀ ਖ਼ੁਦ ਵਿਦੇਸ਼ ਚਲਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੰਮਾ ਤੇ ਜੀਤਾ ਨੇ ਜਨਵਰੀ 2023 ਨੂੰ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਣ ਲਈ 15 ਲੱਖ ਰੁਪਏ ਲਏ ਪਰ ਕੰਮ ਨਹੀਂ ਕੀਤਾ। ਪੁਲੀਸ ਕੋਲ ਸ਼ਿਕਾਇਤ ਕਰਨ ’ਤੇ ਮੁਲਜ਼ਮਾਂ ਨੇ ਦੋ ਲੱਖ ਰੁਪਏ ਹੀ ਵਾਪਸ ਕੀਤੇ।
ਸ਼ਿਕਾਇਤਕਰਤਾ ਅਨੁਸਾਰ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਪੰਮਾ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਉਸ ਦਾ ਆਪਣੀ ਪਤਨੀ ਦਾ ਤਲਾਕ ਦਾ ਕੇਸ ਚੱਲ ਰਿਹਾ ਹੈ। ਅਦਾਲਤ ਦੇ ਫ਼ੈਸਲੇ ਮਗਰੋਂ ਉਹ ਸ਼ਿਕਾਇਤਕਰਤਾ ਨਾਲ ਵਿਆਹ ਕਰਵਾ ਲਵੇਗਾ। ਪੀੜਤ ਅਨੁਸਾਰ ਮੁਲਜ਼ਮ ਨੇ ਇਸ ਬਹਾਨੇ ਉਸ ਨਾਲ ਸਰੀਰਕ ਸਬੰਧ ਬਣਾਏ ਤੇ ਇਤਰਾਜ਼ਯੋਗ ਵੀਡੀਓ ਵੀ ਬਣਾ ਲਈ। ਬਾਅਦ ਵਿਚ ਉਸ ਨੇ ਜੀਤਾ ਰਾਮ ਨਾਲ ਵੀ ਸਬੰਧ ਬਣਾਉਣ ਲਈ ਕਿਹਾ ਤੇ ਪੈਸੇ ਮੰਗਣ ’ਤੇ ਵੀਡੀਓ ਵਾਇਰਲ ਦੀਆਂ ਧਮਕੀਆਂ ਦੇਣ ਲੱਗਾ।