14 ਕਿਲੋ ਅਫ਼ੀਮ ਸਣੇ ਦੋ ਨਸ਼ਾ ਤਸਕਰ ਗ੍ਰਿਫ਼ਤਾਰ
ਐਸ.ਏ.ਐਸ. ਨਗਰ (ਮੁਹਾਲੀ)/ਲਾਲੜੂ, 12 ਜੂਨ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਮੁਹਾਲੀ ਪੁਲੀਸ ਨੇ ਦੋ ਨਸ਼ਾ ਤਸਕਰਾਂ ਨੂੰ 14 ਕਿੱਲੋ 370 ਗਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅੱਜ ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਐੱਸਪੀ (ਦਿਹਾਤੀ) ਮਨਪ੍ਰੀਤ ਸਿੰਘ, ਐੱਸਪੀ (ਅਪਰੇਸ਼ਨ) ਤਲਵਿੰਦਰ ਸਿੰਘ ਗਿੱਲ ਅਤੇ ਡੀਐੱਸਪੀ ਡੇਰਾਬੱਸੀ ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਥਾਣਾ ਲਾਲੜੂ ਦੇ ਐੱਸਐੱਚਓ ਇੰਸਪੈਕਟਰ ਸਿਮਰਨ ਸਿੰਘ ਦੀ ਨਿਗਰਾਨੀ ਹੇਠ ਥਾਣੇਦਾਰ ਰਾਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪੁਲੀਸ ਗਸ਼ਤ ਦੌਰਾਨ ਘੋਲੂਮਾਜਰਾ ਬੱਸ ਅੱਡਾ ਨੇੜੇ ਇੱਕ ਇਨੋਵਾ ਕਾਰ ਖੜੀ ਦੇਖੀ, ਜਿਸ ਵਿੱਚ ਸਵਾਰ ਦੋ ਨੌਜਵਾਨ ਰਣਜੋਧ ਸਿੰਘ ਵਾਸੀ ਪਿੰਡ ਮੱਦਰ (ਤਰਨਤਾਰਨ) ਅਤੇ ਜਸਵੀਰ ਸਿੰਘ ਵਾਸੀ ਪਿੰਡ ਮਾੜੀ (ਤਰਨਤਾਰਨ) ਨੇ ਪੁਲੀਸ ਨੂੰ ਦੇਖ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਨਸ਼ੀਲੇ ਪਦਾਰਥਾਂ ਬਾਰੇ ਸ਼ੱਕ ਹੋਣ ’ਤੇ ਡੀਐੱਸਪੀ ਨਵੀਨਪਾਲ ਸਿੰਘ ਲਹਿਲ ਨੂੰ ਵੀ ਮੌਕੇ ’ਤੇ ਦੱਸਿਆ ਗਿਆ। ਡੀਐੱਸਪੀ ਲਹਿਲ ਦੀ ਹਾਜ਼ਰੀ ਵਿੱਚ ਕਾਰ ਦੀ ਤਲਾਸ਼ੀ ਲੈਣ ’ਤੇ ਦੋ ਮੋਮੀ ਕਾਲਜ ਲਿਫ਼ਾਫ਼ਿਆਂ ’ਚੋਂ 14 ਕਿੱਲੋ 370 ਗਰਾਮ ਅਫ਼ੀਮ ਬਰਾਮਦ ਕੀਤੀ ਗਈ। ਮੁਲਜ਼ਮਾਂ ਖ਼ਿਲਾਫ਼ ਲਾਲੜੂ ਥਾਣੇ ਵਿੱਚ ਐੱਨਡੀਪੀਐੱਸ ਐਕਟ ਤਹਿਤ ਪਰਚਾ ਦਰਜ ਕਰਕੇ ਦੋਵੇਂ ਕਾਰ ਸਵਾਰਾਂ ਦੀ ਗ੍ਰਿਫ਼ਤਾਰੀ ਪਾ ਲਈ।
ਐੱਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਪੰਜ ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਅਤੇ ਮੁਲਜ਼ਮਾਂ ਦੀ ਇਨੋਵਾ ਕਾਰ ਵੀ ਕਬਜ਼ੇ ਵਿੱਚ ਲਈ ਗਈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਰਣਜੋਧ ਸਿੰਘ ਖ਼ਿਲਾਫ਼ ਪਹਿਲਾਂ ਵੀ ਸਾਲ 2021 ਵਿੱਚ ਥਾਣਾ ਜੰਡਿਆਲਾ ਗੁਰੂ (ਅੰਮ੍ਰਿਤਸਰ) ਅਤੇ ਮੁਲਜ਼ਮ ਜਸਬੀਰ ਸਿੰਘ ਖ਼ਿਲਾਫ਼ ਸਾਲ 2019 ਵਿੱਚ ਇਸੇ ਥਾਣੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਪਰਚੇ ਦਰਜ ਹਨ।