ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ ’ਚ ਪੁੱਜਿਆ 13,94,821 ਮੀਟਰਿਕ ਟਨ ਝੋਨਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਨਵੰਬਰ
ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਆਮਦ ਲਗਾਤਾਰ ਜਾਰੀ ਹੈ। ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚ 13,94,821 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ ਜਦ ਕਿ ਪਿਛਲੇ ਸਾਲ ਅੱਜ ਦੇ ਦਿਨ ਤੱਕ 16,35,664 ਮੀਟਰਿਕ ਟਨ ਝੋਨਾ ਮੰਡੀਆਂ ’ਚ ਪੁੱਜਿਆ ਸੀ। ਇਸ ਤਰ੍ਹਾਂ ਅੱਜ ਦੇ ਦਿਨ ਤੱਕ ਪਿਛਲੇ ਸਾਲ ਨਾਲੋਂ 2,40,843 ਟਨ ਮੀਟਰਿਕ ਟਨ ਘੱਟ ਆਮਦ ਹੋਈ ਹੈ। ਉਂਝ ਮੰਡੀਆਂ ’ਚ ਝੋਨੇ ਦੀ ਫਸਲ ਦੀ ਆਮਦ ਹੋ ਰਹੀ ਹੈ ਅਤੇ ਅੱਜ ਇੱਕ ਦਿਨ ਵਿਚ 28543 ਮੀਟਰਿਕ ਟਨ ਝੋਨਾ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ 13,60,793 ਮੀਟਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਇਸ ਵਿੱਚੋਂ 12,04,195 ਮੀਟਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਜਦ ਕਿ 1,56,598 ਮੀਟਰਿਕ ਟਨ ਝੋਨੇ ਦੀ ਲਿਫਟਿੰਗ ਬਾਕੀ ਹੈ। ਅੱਜ ਇੱਕ ਦਿਨ ’ਚ 28543 ਮੀਟਰਿਕ ਟਨ ਝੋਨੇ ਦੀ ਖਰੀਦ ਹੋਈ ਹੈ। ਹੁਣ ਤੱਕ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ’ਚ ਪਿਛਲੇ ਸਾਲ ਨਾਲੋਂ 2,40, 843 ਮੀਟਰਕ ਟਨ ਘੱਟ ਝੋਨਾ ਪੁੱਜਿਆ ਹੈ ਕਿਉਂਕਿ ਮੰਡੀਆਂ ’ਚ 17 ਫੀਸਦੀ ਨਮੀ ਦੀ ਮਾਤਰਾ ਵਾਲੇ ਝੋਨੇ ਦੀ ਖਰੀਦ ਹੀ ਕੀਤੀ ਜਾ ਰਹੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਲੌਂਗੋਵਾਲ ਦਾ ਕਹਿਣਾ ਹੈ ਕਿ ਖਰੀਦ ਏਜੰਸੀਆਂ ਦੇ ਅਧਿਕਾਰੀ ਝੋਨੇ ’ਚ ਨਮੀ ਦੀ ਮਾਤਰਾ 17 ਫੀਸਦ ਤੋਂ ਵੱਧ ਹੋਣ ਕਾਰਨ ਬੋਲੀ ਨਹੀਂ ਲਗਾ ਰਹੇ ਜਦ ਕਿ ਮੌਸਮ ’ਚ ਹੋਈ ਤਬਦੀਲੀ ਕਾਰਨ ਨਮੀ ਦੀ ਮਾਤਰਾ ਘਟਣੀ ਅਸੰਭਵ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਖੱਜਲ-ਖੁਆਰੀ ਬੰਦ ਕੀਤੀ ਜਾਵੇ ਅਤੇ ਨਮੀ ਦੀ ਮਾਤਰਾ ’ਚ ਛੋਟ ਦੇ ਕੇ ਖਰੀਦ ਕੀਤੀ ਜਾਵੇ।