ਕਰਤਾਰਪੁਰ ’ਚ 130.09 ਲੱਖ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 12 ਅਗਸਤ
ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕਰਤਾਰਪੁਰ ਦੇ ਪਿੰਡਾਂ ਵਿੱਚ 130.09 ਲੱਖ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਵਿੱਚ ਪਿੰਡ ਲਿੱਧੜਾਂ ਵਿੱਚ 28.90 ਲੱਖ ਰੁਪਏ ਨਾਲ ਨਵਾਂ ਬਣਨ ਵਾਲਾ ਸਿਹਤ ਅਤੇ ਵੈੱਲਨੈੱਸ ਸੈਂਟਰ, ਪਿੰਡ ਮਲਕੋ ਵਿੱਚ 3 ਲੱਖ ਰੁਪਏ ਨਾਲ ਬਣਨ ਵਾਲੇ ਸੀਵਰੇਜ ਤੇ ਇੰਟਰਲਾਕਿੰਗ ਟਾਈਲਾਂ ਅਤੇ ਜਲੋਵਾਲ ਕਲੋਨੀ ਵਿੱਚ 5.40 ਲੱਖ ਰੁਪਏ ਅਤੇ ਕਰਤਾਰਪੁਰ ਸ਼ਹਿਰ ਵਿੱਚ 14.50 ਲੱਖ ਰੁਪਏ ਨਾਲ ਹੋਣ ਵਾਲੇ ਵਿਕਾਸ ਕਾਰਜ ਤੇ ਕਰਤਾਰਪੁਰ ਦੇ ਸੇਖਵਾਂ ਅਤੇ ਚੰਦਨ ਨਗਰ ਵਿੱਚ 58.29 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਦੋ ਨਵੇਂ ਟਿਊਬਵੈੱਲ ਸ਼ਾਮਲ ਹਨ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਅਹਿਮ ਪ੍ਰਾਜੈਕਟ ਇਸ ਖੇਤਰ ਦੀ ਨੁਹਾਰ ਬਦਲ ਕੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਇਨ੍ਹਾਂ ਪਿੰਡਾਂ ਲਈ ਚੰਗਾ ਸੜਕੀ ਸੰਪਰਕ, ਸਾਫ਼ ਪੀਣਯੋਗ ਪਾਣੀ ਤੇ ਸ਼ੁੱਧ ਵਾਤਾਵਰਨ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਪਿੰਡਾਂ ਦਾ ਸ਼ਹਿਰੀ ਤਰਜ ’ਤੇ ਵਿਕਾਸ ਕਰਨ ਲਈ ਵਚਨਬੱਧ ਹੈ। ਇਸ ਮੌਕੇ ਕੌਂਸਲਰਾਂ ਤੋਂ ਇਲਾਵਾ ਸਰਪੰਚ, ਪੰਚ ਤੇ ਹੋਰ ਮੋਹਤਬਰ ਹਾਜ਼ਰ ਸਨ।