ਰੂਸੀ ਮਿਜ਼ਾਈਲ ਹਮਲੇ ’ਚ 13 ਯੂਕਰੇਨੀ ਹਲਾਕ
* ਹਮਲੇ ’ਚ 30 ਹੋਰ ਵਿਅਕਤੀ ਜ਼ਖ਼ਮੀ
* ਜ਼ੇਲੈਂਸਕੀ ਵੱਲੋਂ ਹਮਲੇ ਦੀ ਨਿਖੇਧੀ
ਕੀਵ, 9 ਜਨਵਰੀ
ਦੱਖਣੀ ਯੂਕਰੇਨ ਦੇ ਸ਼ਹਿਰ ਜ਼ਾਪੋਰਿਜ਼ੀਆ ’ਚ ਰੂਸ ਵੱਲੋਂ ਕੀਤੇ ਗਏ ਇਕ ਮਿਜ਼ਾਈਲ ਹਮਲੇ ’ਚ 13 ਆਮ ਨਾਗਰਿਕ ਹਲਾਕ ਅਤੇ 30 ਜ਼ਖ਼ਮੀ ਹੋ ਗਏ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਟੈਲੀਗ੍ਰਾਮ ਚੈਨਲ ’ਤੇ ਪੋਸਟ ਕੀਤੇ ਗਏ ਫੁਟੇਜ ’ਚ ਸੜਕ ’ਤੇ ਲੋਕ ਡਿੱਗੇ ਹੋਏ ਦਿਖਾਈ ਦੇ ਰਹੇ ਹਨ। ਜ਼ੇਲੈਂਸਕੀ ਅਤੇ ਖੇਤਰੀ ਗਵਰਨਰ ਇਵਾਨ ਫੈਡੋਰੋਵ ਨੇ ਪੁਸ਼ਟੀ ਕੀਤੀ ਹੈ ਕਿ ਹਮਲੇ ’ਚ 13 ਵਿਅਕਤੀ ਮਾਰੇ ਗਏ ਹਨ। ਹਮਲੇ ਤੋਂ ਕੁਝ ਮਿੰਟ ਪਹਿਲਾਂ ਫੈਡੋਰੋਵ ਨੇ ਜ਼ਾਪੋਰਿਜ਼ੀਆ ਖ਼ਿੱਤੇ ’ਚ ਲੋਕਾਂ ਨੂੰ ਖ਼ਬਰਦਾਰ ਕੀਤਾ ਸੀ ਕਿ ਉਥੇ ਮਿਜ਼ਾਈਲਾਂ ਅਤੇ ਗਲਾਈਡ ਬੰਬਾਂ ਨਾਲ ਤਿੱਖਾ ਹਮਲਾ ਹੋ ਸਕਦਾ ਹੈ। ਫੈਡੋਰੋਵ ਨੇ ਕਿਹਾ ਕਿ ਦੋ ਬੰਬ ਰਿਹਾਇਸ਼ੀ ਇਮਾਰਤਾਂ ’ਤੇ ਡਿੱਗੇ ਹਨ। ਉਨ੍ਹਾਂ ਖ਼ਿੱਤੇ ’ਚ ਅੱਜ ਸੋਗ ਦਾ ਐਲਾਨ ਕੀਤਾ ਹੈ। ਜ਼ੇਲੈਂਸਕੀ ਨੇ ‘ਟੈਲੀਗ੍ਰਾਮ’ ’ਤੇ ਲਿਖਿਆ ਕਿ ਸ਼ਹਿਰ ’ਤੇ ਵਹਿਸ਼ੀਆਨਾ ਹਵਾਈ ਹਮਲੇ ਤੋਂ ਵਧ ਕੇ ਕੁਝ ਨਹੀਂ ਹੋ ਸਕਦਾ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਆਮ ਨਾਗਰਿਕਾਂ ਨੂੰ ਨੁਕਸਾਨ ਝਲਣਾ ਪਵੇਗਾ। ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਜਿਹੜੇ ਮੁਲਕ ਸ਼ਾਂਤੀ ਦੀ ਗੱਲ ਕਰਦੇ ਹਨ, ਉਹ ਉਨ੍ਹਾਂ ਨੂੰ ਸੁਰੱਖਿਆ ਦੀ ਵੀ ਗਾਰੰਟੀ ਦੇਣ। ਯੂਕਰੇਨੀ ਫੌਜ ਨੇ ਰੂਸ ਦੇ ਇਕ ਈਂਧਣ ਭੰਡਾਰ ਡਿਪੂ ’ਤੇ ਡਰੋਨ ਨਾਲ ਹਮਲਾ ਵੀ ਕੀਤਾ। -ਏਪੀ