ਕੈਨੇਡਾ ਭੇਜਣ ਦੇ ਨਾਂ ’ਤੇ 13 ਲੱਖ ਰੁਪਏ ਠੱਗੇ
ਪੱਤਰ ਪ੍ਰੇਰਕ
ਦੋਰਾਹਾ, 10 ਜੁਲਾਈ
ਕੈਨੇਡਾ ਪੜ੍ਹਾਈ ਲਈ ਭੇਜਣ ਦੇ ਨਾਂ ’ਤੇ ਇਕ ਵਿਅਕਤੀ ਨਾਲ 13 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਦੋਰਾਹਾ ਪੁਲੀਸ ਵੱਲੋਂ ਕਰਨਵੀਰ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਬਰਮਾਲੀਪੁਰ ਤਹਿਸੀਲ ਪਾਇਲ ਦੀ ਸ਼ਿਕਾਇਤ ’ਤੇ ਚਮਕੌਰ ਸਿੰਘ ਵਾਸੀ ਜਾਗੋਵਾਲ (ਮਲੇਰਕੋਟਲਾ) ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਕੋਲ ਦਰਜ ਕਰਵਾਈ ਰਿਪਰੋਟ ਵਿਚ ਕਰਨਵੀਰ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਮਾਲਕ ਏਸ਼ੀਅਨ ਮਾਸਟਰ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ ਖੰਨਾ ਨਾਲ ਅਗਸਤ 2020’ਚ ਉਸ ਨੂੰ ਕੈਨੇਡਾ ਵਿਖੇ ਟੂਰਿਸਟ ਵੀਜ਼ਾ ’ਤੇ ਭੇਜਣ ਬਦਲੇ 27 ਲੱਖ ਰੁਪਏ ਵਿਚ ਗੱਲ ਤੈਅ ਹੋਈ ਸੀ, ਜਿਸ ਉਪਰੰਤ ਚਮਕੌਰ ਸਿੰਘ ਨੇ ਵੱਖ ਵੱਖ ਤਰੀਕਾਂ ਨੂੰ ਉਸ ਤੋਂ ਰਕਮ ਹਾਸਲ ਕੀਤੀ। ਇਸ ਤਰ੍ਹਾਂ ਹੁਣ ਤੱਕ ਸਵਾ ਅਠਾਰਾਂ ਲੱਖ ਰੁਪਏ ਲੈ ਚੁੱਕਾ ਹੈ ਪਰ ਉਸ ਨੂੰ ਕੈਨੇਡਾ ਨਹੀਂ ਭੇਜਿਆ, ਨਾ ਹੀ ਉਸ ਦੀ ਰਕਮ ਤੇ ਪਾਸਪੋਰਟ ਵਾਪਸ ਕੀਤੇ। ਉਸ ਵੱਲੋਂ ਦਬਾਅ ਪਾਉਣ ਤੇ ਚਮਕੌਰ ਸਿੰਘ ਨੇ ਉਸ ਨੂੰ 5 ਲੱਖ ਰੁਪਏ ਵਾਪਸ ਕਰ ਦਿੱਤੇ ਪਰ 13.25.000 ਰੁਪਏ ਦੀ ਰਕਮ ਵਾਪਸ ਨਹੀਂ ਕੀਤੀ। ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।