ਵਿਦੇਸ਼ ਭੇਜਣ ਦੇ ਨਾਂ ’ਤੇ 13 ਲੱਖ ਠੱਗੇ
ਪੱਤਰ ਪ੍ਰੇਰਕ
ਰਤੀਆ, 30 ਅਕਤੂਬਰ
ਪਿੰਡ ਲਾਲੀ ਵਾਸੀ ਨੌਜਵਾਨ ਨਾਲ ਯੂਰਪ ਭੇਜਣ ਦੇ ਨਾਮ ’ਤੇ ਲੱਖਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਰਤੀਆ ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ ਕੁਰੂਕਸ਼ੇਤਰ ਵਾਸੀ ਜੋੜੇ ਦੇ ਨਾਲ ਨਾਲ ਕੁੱਲ 5 ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਏਜੰਟ ਸੰਦੀਪ ਕੁਮਾਰ ਵਾਸੀ ਕਿਸ਼ਨਪੁਰਾ ਪਿਪਲੀ ਤੋਂ ਇਲਾਵਾ ਉਸ ਦੀ ਪਤਨੀ ਪੂਜਾ, ਸਾਲਾ ਰਵੀ, ਝਾਰਖੰਡ ਵਾਸੀ ਪ੍ਰਦੀਪ ਕੁਮਾਰ ਅਤੇ ਪੱਛਮ ਬੰਗਾਲ ਵਾਸੀ ਵਿਕਾਸ ਚੰਦਰ ਉਰਫ ਵਿੱਕੀ ਸ਼ਾਮਲ ਹੈ। ਪੁਲੀਸ ਕਪਤਾਨ ਅਤੇ ਸਾਈਬਰ ਕਰਾਈਮ ਰਾਹੀਂ ਪਿੰਡ ਲਾਲੀ ਦੇ ਪਰਮਾਨੰਦ ਨੇ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਹ ਪਿੰਡ ਵਿਚ ਖੇਤੀ ਦਾ ਕੰਮ ਕਰਦਾ ਹੈ ਅਤੇ ਉਹ ਆਪਣੇ ਲੜਕੇ ਮਿੱਠੂ ਨੂੰ ਜਰਮਨ ਭੇਜਣਾ ਚਾਹੁੰਦਾ ਸੀ। ਇਸ ਦੌਰਾਨ ਹੀ ਉਨ੍ਹਾਂ ਸੰਦੀਪ ਕੁਮਾਰ ਨਾਲ ਮੁਲਾਕਾਤ ਕੀਤੀ ਸੀ ਅਤੇ ਏਜੰਟ ਨੇ ਯਕੀਨ ਦਿਵਾਇਆ ਸੀ ਕਿ ਉਸ ਦੇ ਲੜਕੇ ਨੂੰ ਵਿਦੇਸ਼ ਜਰਮਨ ਦਾ ਵਰਕ ਵੀਜ਼ਾ ਲਗਵਾ ਕੇ 15 ਦਿਨ ਤੱਕ ਭੇਜ ਦੇਵੇਗਾ ਅਤੇ ਇਸ ਦੇ ਲਈ ਕਰੀਬ ਸਾਢੇ 13 ਲੱਖ ਰੁਪਏ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਭਰੋਸਾ ਦਿੱਤਾ ਸੀ ਕਿ ਜਦੋਂ ਵਰਕ ਵੀਜ਼ੇ ’ਤੇ ਲੜਕਾ ਵਿਦੇਸ਼ੀ ਜਰਮਨ ਵਿਚ ਪਹੁੰਚ ਜਾਵੇਗਾ ਉਸ ਵੇਲੇ ਪੂਰੀ ਰਾਸ਼ੀ ਲੈਣਗੇ। ਕੁੱਝ ਦਿਨ ਬਾਅਦ ਹੀ ਏਜੰਟ ਨੂੰ ਪਾਸਪੋਰਟ ਅਤੇ ਹੋਰ ਦਸਤਾਵੇਜ਼ੇ ਸੌਂਪ ਦਿੱਤੇ। 15 ਦਿਨ ਉਪਰੰਤ ਸਬੰਧਤ ਏਜੰਟ ਵਲੋਂ ਸੂਚਨਾ ਆਈ ਕਿ ਉਨ੍ਹਾਂ ਦਾ ਸਪੇਨ ਯੂਰੋਪ ਦਾ ਵਰਕ ਵੀਜ਼ਾ ਲੱਗ ਚੁੱਕਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਬੰਧਤ ਏਜੰਟ ਨਾਲ ਉਨ੍ਹਾਂ ਦੇ ਵਟਸਐਪ ’ਤੇ ਟਿਕਟ ਭੇਜਣ ਦੀ ਗੱਲ ਕਹੀ ਤਾਂ ਏਜੰਟ ਨੇ ਉਨ੍ਹਾਂ ਨੂੰ ਦੁਬਈ ਦੀ ਜਾਅਲੀ ਟਿਕਟ ਭੇਜ ਦਿੱਤੀ। ਪਰਮਾਨੰਦ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਉਕਤ ਲੋਕਾਂ ਨੇ ਉਸ ਦੇ ਪੁੱਤਰ ਅਤੇ ਦੂਸਰੇ ਨੌਜਵਾਨ ਨੂੰ ਪਹਿਲਾਂ ਦੁਬਈ ਅਤੇ ਫਿਰ ਸਾਊਦੀ ਅਰਬ ਭੇਜ ਦਿੱਤਾ। ਉਥੇ ਉਨ੍ਹਾਂ ਦਾ ਵੀਜ਼ਾ ਖਤਮ ਹੋ ਗਿਆ ਤਾਂ ਉਨ੍ਹਾਂ ਨੂੰ ਵਾਪਸ ਭਾਰਤ ਭੇਜ ਦਿੱਤਾ।