ਸਰਹੱਦ ਨੇੜਿਉਂ 13 ਕਿੱਲੋ ਹੈਰੋਇਨ ਬਰਾਮਦ
ਗੁਰਬਖਸ਼ਪੁਰੀ
ਤਰਨ ਤਾਰਨ, 10 ਅਕਤੂਬਰ
ਪੰਜਾਬ ਪੁਲੀਸ ਅਤੇ ਬੀਐਸਐਫ ਵੱਲੋਂ ਅੱਜ ਸੀਮਾ ਚੌਕੀ ਕਲਸ਼ ਅਧੀਨ ਸਰਹੱਦ ’ਤੇ ਕੰਡਿਆਲੀ ਤਾਰ ਨਜ਼ਦੀਕ ਇੱਕ ਕਿਸਾਨ ਦੇ ਖੇਤਾਂ ਵਿਚੋਂ 13 ਕਿੱਲੋਂ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ। ਡੀਐਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕਲਸ਼ ਵਾਸੀ ਕਿਸਾਨ ਸੁਖਚੈਨ ਸਿੰਘ ਦੀ ਜ਼ਮੀਨ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਹੈ ਜਿਸ ਨੂੰ ਟਿਊਬਵੈਲ ਦੇ ਪਾਣੀ ਦੀ ਸਪਲਾਈ ਦੇਣ ਲਈ ਪਲਾਸਟਿਕ ਦੀ ਜ਼ਮੀਨਦੋਜ਼ ਪਾਈਪ ਪਾਈ ਹੋਈ ਹੈ। ਇਸ ਪਾਈਪ ਦੇ ਮੂੰਹ ਅੱਗੇ ਕੁਝ ਪਲਾਸਟਿਕ ਦੀਆਂ ਬੋਤਲਾਂ ਪਈਆਂ ਹੋਈਆਂ ਹਨ। ਥਾਣਾ ਖੇਮਕਰਨ ਦੀ ਪੁਲੀਸ ਪਾਰਟੀ ਤੇ ਬੀਐਸਐਫ ਦੀ 103 ਬਟਾਲੀਅਨ ਦੇ ਜਵਾਨਾਂ ਵੱਲੋਂ ਸਾਂਝੀ ਕਾਰਵਾਈ ਕਰਦਿਆਂ 6 ਬੋਤਲਾਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਵਿੱਚ 12 ਕਿੱਲੋ 580 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 63 ਕਰੋੜ ਬਣਦੀ ਹੈ। ਇਸ ਸਬੰਧੀ ਥਾਣਾ ਖੇਮਕਰਨ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਜੇਲ੍ਹ ਵਾਰਡਨ ਸਣੇ ਤਿੰਨ ਤਸਕਰ 4.5 ਕਿੱਲੋ ਹੈਰੋਇਨ ਸਣੇ ਕਾਬੂ
ਅੰਮ੍ਰਿਤਸਰ (ਟਨਸ): ਇੱਥੋਂ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ 4.5 ਕਿੱਲੋ ਹੈਰੋਇਨ ਅਤੇ 4.32 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਦੋ ਭਰਾਵਾਂ ਤੋਂ ਇਲਾਵਾ ਜੇਲ੍ਹ ਵਾਰਡਨ ਵੀ ਸ਼ਾਮਲ ਹੈ ਜੋ ਤਸਕਰਾਂ ਕੋਲੋਂ ਹੈਰੋਇਨ ਪ੍ਰਾਪਤ ਕਰਕੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਸਪਲਾਈ ਕਰਦਾ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ ਆਕਾਸ਼ ਅਤੇ ਸਤਵਿੰਦਰਪਾਲ ਸਿੰਘ ਉਰਫ ਸੱਤੀ ਦੋਵੇਂ ਵਾਸੀ ਗੁਰੂ ਹਰਗੋਬਿੰਦਪੁਰਾ, ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ, ਜਦਕਿ ਜੇਲ੍ਹ ਵਾਰਡਨ ਦੀ ਪਛਾਣ ਗੁਰਮੇਜ ਸਿੰਘ ਵਾਸੀ ਪਿੰਡ ਕੋਟ ਸਦਰ ਖਾਂ ਮੋਗਾ ਵਜੋਂ ਕੀਤੀ ਗਈ ਹੈ। ਇਹ ਕਾਰਵਾਈ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ 5 ਕਿੱਲੋ ਹੈਰੋਇਨ ਅਤੇ 3.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ। ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਕਾਸ਼ਦੀਪ ਸਿੰਘ ਅਤੇ ਸਤਿੰਦਰਪਾਲ ਸਿੰਘ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਜੇਲ੍ਹ ਵਾਰਡਨ ਗੁਰਮੇਜ ਸਿੰਘ ਨੂੰ ਹੈਰੋਇਨ ਸਪਲਾਈ ਕਰਦੇ ਸਨ ਜੋ ਅੱਗੇ ਜੇਲ੍ਹ ’ਚ ਸਪਲਾਈ ਪਹੁੰਚਾਉਂਦਾ ਸੀ।