ਅੱਗ ਲੱਗਣ ਕਾਰਨ 13 ਏਕੜ ਗੰਨਾ ਨੁਕਸਾਨਿਆ
ਪੱਤਰ ਪ੍ਰੇਰਕ
ਮੁਕੇਰੀਆਂ, 24 ਅਕਤੂਬਰ
ਨੇੜਲੇ ਪਿੰਡ ਛਾਂਟ ਅਤੇ ਬਸਤੀ ਬਾਗ ਵਿੱਚ ਸ਼ੱਕੀ ਹਾਲਤਾਂ ਵਿੱਚ ਲੱਗੀ ਅੱਗ ਕਾਰਨ ਕਿਸਾਨਾਂ ਦਾ ਕਰੀਬ 13 ਏਕੜ ਗੰਨਾ ਸੜ ਗਿਆ। ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੁਆਇਆ ਜਾਵੇ। ਇਸ ਮੌਕੇ ਪਿੰਡ ਨੁਸ਼ਿਹਰਾ ਪੱਤਣ ਦੇ ਵਸਨੀਕ ਪਰਮਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸਦੇ ਪਿੰਡ ਛਾਂਟਾ ਦੇ ਖੇਤਾਂ ਵਿੱਚ ਅਚਾਨਕ ਲੱਗੀ ਅੱਗ ਕਾਰਨ ਉਸਦਾ ਕਰੀਬ 6 ਏਕੜ ਗੰਨਾ ਸੜ ਗਿਆ, ਜਿਸ ਕਾਰਨ ਉਸਦਾ ਕਰੀਬ 3.50 ਲੱਖ ਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਬਲਕਾਰ ਸਿੰਘ ਦਾ ਵੀ ਪਿੰਡ ਬਸਤੀ ਬਾਗ ਵਿਚਲਾ ਕਰੀਬ ਏਕੜ ਗੰਨਾ ਸੜ ਗਿਆ ਹੈ। ਪਿੰਡ ਛਾਂਟਾ ਦੇ ਤਰਸੇਮ ਸਿੰਘ ਨੇ ਦੱਸਿਆ ਕਿ ਉਸਦਾ ਕਰੀਬ ਢਾਈ ਏਕੜ ਗੰਨਾ ਸੜ ਗਿਆ ਹੈ ਅਤੇ ਉਸਦੇ ਭਰਾ ਗੁਰਸੇਵਕ ਸਿੰਘ ਦਾ ਵੀ ਢਾਈ ਏਕੜ ਗੰਨਾ ਨੁਕਸਾਨਿਆ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਅਚਨਚੇਤੀ ਲੱਗੀ ਅੱਗ ਦੇ ਕਾਰਨਾਂ ਦਾ ਹਾਲੇ ਸਪੱਸ਼ਟ ਪਤਾ ਨਹੀਂ ਲੱਗਾ ਪਰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲੇ ਖੰਡ ਮਿੱਲ ਚੱਲਣ ਨੂੰ ਕਰੀਬ ਡੇਢ ਮਹੀਨਾ ਪਿਆ ਹੈ ਅਤੇ ਇੰਨੇ ਸਮੇਂ ਅੰਦਰ ਗੰਨੇ ਨੂੰ ਲੱਗੀ ਅੱਗ ਕਾਰਨ ਗੰਨਾ ਸੁੱਕ ਜਾਵੇਗਾ, ਜਿਸ ਨਾਲ ਉਨ੍ਹਾਂ ਨੂੰ ਪ੍ਰਤੀ ਏਕੜ 60 ਤੋਂ 70 ਹਜ਼ਾਰ ਰੁਪਏ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਨੁਕਸਾਨੇ ਗੰਨੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦੁਆਇਆ ਜਾਵੇ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇ।