For the best experience, open
https://m.punjabitribuneonline.com
on your mobile browser.
Advertisement

ਬਾਰ੍ਹਵੀਂ ਦਾ ਨਤੀਜਾ: ਬੀਸੀਐੱਮ ਸਕੂਲ ਦਾ ਏਕਮਪ੍ਰੀਤ ਸੂਬੇ ’ਚੋਂ ਅੱਵਲ

10:37 AM May 01, 2024 IST
ਬਾਰ੍ਹਵੀਂ ਦਾ ਨਤੀਜਾ  ਬੀਸੀਐੱਮ ਸਕੂਲ ਦਾ ਏਕਮਪ੍ਰੀਤ ਸੂਬੇ ’ਚੋਂ ਅੱਵਲ
ਏਕਮਪ੍ਰੀਤ ਆਪਣੇ ਪਰਿਵਾਰਕ ਮੈਂਬਰਾਂ, ਸਾਥੀਆਂ ਅਤੇ ਸਟਾਫ਼ ਨਾਲ ਖੁਸ਼ੀ ਮਨਾਉਂਦਾ ਹੋਇਆ। ਫੋਟੋ: ਹਿਮਾਂਸ਼ੂ
Advertisement

ਸਤਵਿੰਦਰ ਬਸਰਾ
ਲੁਧਿਆਣਾ, 30 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਜਿਸ ਦੌਰਾਨ ਜਾਰੀ ਕੀਤੀ ਗਈ ਮੈਰਿਟ ਸੂਚੀ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ 76 ਵਿਦਿਆਰਥੀਆਂ ਨੇ ਆਪਣੀ ਥਾਂ ਬਣਾਈ ਹੈ। ਸਥਾਨਕ ਬੀਸੀਐੱਮ ਸਕੂਲ ਫੋਕਲ ਪੁਆਇੰਟ ਦੇ ਏਕਮਪ੍ਰੀਤ ਸਿੰਘ ਨੇ 100 ਫੀਸਦੀ ਅੰਕਾਂ ਨਾਲ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਜ਼ਿਲ੍ਹੇ ਦਾ ਨਾਂ ਉੱਚਾ ਕੀਤਾ ਹੈ।
ਲੁਧਿਆਣਾ ਦੇ ਕੁੱਲ 35,222 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 12,255 ਵਿਦਿਆਰਥੀ ਪਾਸ ਹੋਏ। ਲੁਧਿਆਣਾ ਜ਼ਿਲ੍ਹਾ 90.25 ਪਾਸ ਪ੍ਰਤੀਸ਼ਤਤਾ ਨਾਲ ਸੂਬੇ ਵਿੱਚੋਂ 19ਵੇਂ ਸਥਾਨ ’ਤੇ ਰਿਹਾ ਹੈ। ਮੈਰਿਟ ਸੂਚੀ ਵਿੱਚ ਲੁਧਿਆਣਾ ਨੇ ਸਾਰੇ ਜ਼ਿਲ੍ਹਿਆਂ ਨੂੰ ਪਛਾੜਦਿਆਂ 76 ਮੈਰਿਟ ਪੁਜੀਸ਼ਨਾਂ ਹਾਸਲ ਕਰ ਕੇ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਵਿੱਚ 59 ਕੁੜੀਆਂ ਅਤੇ 17 ਲੜਕੇ ਸ਼ਾਮਲ ਹਨ। ਇੱਥੋਂ ਦੇ ਬੀਸੀਐਮ ਸਕੂਲ ਵਿੱਚ ਕਾਮਰਸ ਵਿਸ਼ੇ ਦੀ ਪੜ੍ਹਾਈ ਕਰਨ ਵਾਲੇ ਏਕਮਪ੍ਰੀਤ ਸਿੰਘ ਨੇ 100 ਫੀਸਦੀ ਅੰਕਾਂ ਨਾਲ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪਿਤਾ ਸੁੱਚਾ ਸਿੰਘ ਅਤੇ ਮਾਤਾ ਬਲਜੀਤ ਕੌਰ ਦਾ ਇਹ ਲਾਡਲਾ ਐਲਐਲਬੀ ਕਰਕੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਚਾਹੁੰਦਾ ਹੈ। ਤੇਜਾ ਸਿੰਘ ਸੁਤੰਤਰ ਸਕੂਲ ਦੀ ਚੇਤਨਾ ਰਾਣੀ ਨਾਇਕ ਨੇ ਵੀ 99.80 ਫੀਸਦੀ ਅੰਕਾਂ ਨਾਲ ਸੂਬੇ ਵਿੱਚੋਂ ਦੂਜਾ ਰੈਂਕ ਪ੍ਰਾਪਤ ਕੀਤਾ ਹੈ। ਇਸੇ ਸਕੂਲ ਦੀ ਵਰਲੀਨ ਕੌਰ ਅਤੇ ਸੁਨੇਹਾ ਵਰਮਾ ਨੇ 99.40 ਫੀਸਦੀ ਨਾਲ ਸੂਬੇ ਵਿੱਚ ਚੌਥਾ ਰੈਂਕ ਹਾਸਲ ਕੀਤਾ ਹੈ। ਮੈਰਿਟ ਸੂਚੀ ਵਿੱਚ ਲੁਧਿਆਣਾ ਦੇ 76 ਵਿਦਿਆਰਥੀਆਂ ਵਿੱਚੋਂ 38 ਵਿਦਿਆਰਥੀ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੇ ਹਨ ਜਦਕਿ 7 ਵਿਦਿਆਰਥੀ ਸਰਕਾਰੀ ਸਕੂਲਾਂ, 8 ਵਿਦਿਆਰਥੀ ਮੈਰੀਟੋਰੀਅਸ ਸਕੂਲ, ਪੰਜ ਵਿਦਿਆਰਥੀ ਬੀਸੀਐੱਮ ਸਕੂਲ ਫੋਕਲ ਪੁਆਇੰਟ, 2 ਵਿਦਿਆਰਥੀ ਆਰਐਸ ਮਾਡਲ ਸਕੂਲ ਜਦਕਿ ਬਾਕੀ ਵਿਦਿਆਰਥੀ ਹੋਰ ਵੱਖ-ਵੱਖ ਸਕੂਲਾਂ ਦੇ ਸ਼ਾਮਲ ਹਨ।
ਸਰਕਾਰੀ ਸਕੂਲ ਮੁੰਡੀਆਂ ਕਲਾਂ ਦੇ ਆਂਚਲ ਜਿੰਦਲ ਨੇ 99 ਫੀਸਦੀ, ਸੇਖੋਵਾਲ ਸਕੂਲ ਦੇ ਚਿਰਾਗ ਸ਼ਰਮਾ ਨੇ 98.40 ਫੀਸਦੀ, ਪੀਏਯੂ ਸਕੂਲ ਦੀ ਗੌਰੀ ਨੇ 98.20 ਫੀਸਦੀ, ਰੁਪਾਲੋ ਸਕੂਲ ਦੀ ਸੁਖਮਨਦੀਪ ਕੌਰ, ਮੁੰਡੀਆਂ ਸਕੂਲ ਦੀ ਵੈਸ਼ਨਵੀ ਗੁਪਤਾ ਅਤੇ ਭੂੰਦੜੀ ਸਕੂਲ ਦੀ ਰਮਨਦੀਪ ਨੇ 98 ਫੀਸਦੀ, ਢੋਲੇਵਾਲ ਸਕੂਲ ਦੇ ਰਿਸ਼ਵ ਰਾਜ ਨੇ 97.80 ਫੀਸਦੀ ਅੰਕ ਪ੍ਰਾਪਤ ਕਰ ਕੇ ਮੈਰਿਟ ਵਿੱਚ ਥਾਂ ਬਣਾਈ।

Advertisement

ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਮੈਰਿਟ ’ਚ ਥਾਂ ਬਣਾਈ

ਬਾਦਲ ਸਰਕਾਰ ਸਮੇਂ ਖੋਲ੍ਹੇ ਮੈਰੀਟੋਰੀਅਸ ਸਕੂਲ ਦੇ ਕਰਨ ਵਰਮਾ ਨੇ 98.60 ਫੀਸਦੀ ਨਲ 8ਵਾਂ ਰੈਂਕ, ਸਿਮਰਨ ਕੌਰ, ਵੈਸ਼ਨਵੀ ਨੇ 98.40 ਫੀਸਦੀ ਨਾਲ 9ਵਾਂ ਰੈਂਕ, ਮਨਜੋਤ ਅਤੇ ਸ਼ਿਖਾ ਨੇ 98 ਫੀਸਦੀ ਨਾਲ 11ਵਾਂ ਰੈਂਕ, ਸਿਮਰਨ ਅਤੇ ਸੁਖਪ੍ਰੀਤ ਨੇ 97.80 ਨਾਲ 12ਵਾਂ ਰੈਂਕ ਜਦਕਿ ਜਤਿਨ ਨੇ 97.40 ਨਾਲ ਸੂਬਾ ਪੱਧਰ ’ਤੇ 14ਵਾਂ ਰੈਂਕ ਹਾਸਲ ਕੀਤਾ ਹੈ।

ਸਮਰਾਲਾ ਸਕੂਲ ਦੀ ਵਿਦਿਆਰਥਣ ਮਹਿਕਦੀਪ 12ਵੇਂ ਸਥਾਨ ’ਤੇ

ਸਮਰਾਲਾ (ਡੀ ਪੀਐੱਸ ਬੱਤਰਾ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸਮਰਾਲਾ ਦੀ ਵਿਦਿਆਰਥਣ ਮਹਿਕਦੀਪ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ 12ਵਾਂ ਸਥਾਨ ਹਾਸਲ ਕਰ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਮਹਿਕਦੀਪ ਕੌਰ ਨੇ 500 ਵਿੱਚੋਂ 489 ਅੰਕ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਰਜਿੰਦਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਸਮੂਹ ਮੈਂਬਰਾਂ ਅਤੇ ਸਕੂਲ ਸਟਾਫ਼ ਨੇ ਇਸ ਵਿਦਿਆਰਥਣ ਨੂੰ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਨ ’ਤੇ ਵਧਾਈ ਦਿੱਤੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ।

Advertisement
Author Image

Advertisement
Advertisement
×