ਨਰਮੇ ਦੀ ਫ਼ਸਲ ਨੂੰ ਕੀਟਾਂ ਤੋਂ ਬਚਾਉਣ ਲਈ 128 ਟੀਮਾਂ ਕਾਇਮ
ਆਤਿਸ਼ ਗੁਪਤਾ
ਚੰਡੀਗੜ੍ਹ, 15 ਜੁਲਾਈ
ਪੰਜਾਬ ਦੇ ਨਰਮਾ ਪੱਟੀ ਇਲਾਕੇ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੀ ਜਾਣਕਾਰੀ ਮਿਲਦਿਆਂ ਹੀ ਖੇਤੀਬਾੜੀ ਵਿਭਾਗ ਨੇ ਦੋ ਜੁਆਇੰਟ ਡਾਇਰੈਕਟਰ ਪੱਧਰ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 128 ਟੀਮਾਂ ਕਾਇਮ ਕੀਤੀਆਂ ਹਨ, ਜਿਨ੍ਹਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਵਿੱਚ ਨਿਗਰਾਨੀ ਕੀਤੀ ਜਾਵੇਗੀ। ਵਿਭਾਗ ਵੱਲੋਂ ਬਣਾਈਆਂ ਗਈਆਂ ਟੀਮਾਂ ਨੇ ਵੱਖ-ਵੱਖ ਜ਼ਿਲ੍ਹਿਆ ਦਾ ਦੌਰਾ ਕੀਤਾ। ਟੀਮਾ ਦੇ ਫਾਜ਼ਿਲਕਾ ਜ਼ਿਲ੍ਹੇ ਦੇ 73 ਪਿੰਡਾਂ ਵਿੱਚ ਨਰਮੇ ਦੇ ਖੇਤਾਂ ਦਾ ਦੌਰਾ ਕਰਨ ਉੱਤੇ ਖੂਈਆਂ ਸਰਵਰ ਬਲਾਕ ਵਿੱਚ ਤਿੰਨ ਥਾਵਾਂ ’ਤੇ ਗੁਲਾਬੀ ਸੁੰਡੀ ਅਤੇ ਅੱਠ ਥਾਵਾਂ ਉੱਤੇ ਚਿੱਟੀ ਮੱਖੀ ਦਾ ਹਮਲਾ ਵੇਖਣ ਨੂੰ ਮਿਲਿਆ। ਖੇਤੀਬਾੜੀ ਵਿਭਾਗ ਨੇ ਤੁਰੰਤ ਪ੍ਰਭਾਵਿਤ ਫਸਲ ’ਤੇ ਕੀਟਨਾਸ਼ਕਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਨੇ ਸੂਬੇ ਵਿੱਚ ਨਰਮੇ ਦੀ ਫ਼ਸਲ ਨੂੰ ਕੀਟਾਂ ਦੇ ਹਮਲੇ ਤੋਂ ਬਚਾਉਣ ਵਾਸਤੇ ਨਿਰੰਤਰ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਨ੍ਹਾਂ ਟੀਮਾਂ ਨੂੰ ਨਰਮੇ ਦੇ ਖੇਤਾਂ ਦਾ ਦੌਰਾ ਕਰਨ ਅਤੇ ਫ਼ਸਲ ’ਤੇ ਕੀਟਾਂ ਦੇ ਹਮਲੇ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਹੈ। ਇਸ ਦੇ ਨਾਲ ਇਹ ਟੀਮਾਂ ਲੋੜ ਪੈਣ ’ਤੇ ਕੀਟਾਂ ਦੀ ਰੋਕਥਾਮ ਸਬੰਧੀ ਕਿਸਾਨਾਂ ਨੂੰ ਸੇਧ ਵੀ ਦੇਣਗੀਆਂ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਨਰਮੇ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਨੇ ਕਿਹਾ ਕਿ ਵਿਭਾਗ ਦੀ ਟੀਮ ਵੱਲੋਂ ਪਿੰਡ ਸਾਹਨੇਵਾਲੀ ਵਿੱਚ ਕਿਸਾਨ ਬਲਕਾਰ ਸਿੰਘ ਦੇ ਨਰਮੇ ਦੇ ਖੇਤ ਦਾ ਦੌਰਾ ਕੀਤਾ ਅਤੇ ਖੇਤ ਵਿੱਚ ਗੁਲਾਬੀ ਸੁੰਡੀ ਦਾ ਮਾਮੂਲੀ ਹਮਲਾ ਵੇਖਣ ਨੂੰ ਮਿਲਿਆ। ਪਿੰਡ ਖਿਆਲੀ ਚਹਿਲਾਂਵਾਲੀ ਵਿੱਚ ਕਿਸਾਨ ਜਗਦੇਵ ਸਿੰਘ ਪੁੱਤਰ ਧਰਮ ਸਿੰਘ ਦੇ ਖੇਤ ਦਾ ਸਰਵੇਖਣ ਕੀਤਾ ਗਿਆ ਅਤੇ ਗੁਲਾਬੀ ਸੁੰਡੀ ਦਾ ਕੋਈ ਵੀ ਹਮਲਾ ਨਹੀਂ ਪਾਇਆ ਗਿਆ ਅਤੇ ਚਿੱਟੀ ਮੱਖੀ ਦੀ ਗਿਣਤੀ ਇਕਨਾਮਿਕ ਥਰੈੱਸ਼ਹੋਲਡ ਲੈਵਲ ਤੋਂ ਹੇਠਾਂ ਵੇਖਣ ਨੂੰ ਮਿਲੀ। ਅਧਿਕਾਰੀਆਂ ਨੇ ਪਿੰਡ ਪਟੀ ਸਦੀਕ ਦੇ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਦੇ ਨਰਮੇ ਦੇ ਖੇਤ ਦਾ ਵੀ ਦੌਰਾ ਕੀਤਾ ਗਿਆ, ਜਿੱਥੇ ਫ਼ਸਲ ਚੰਗੀ ਹਾਲਤ ਵਿੱਚ ਹੈ ਪਰ ਗੁਲਾਬੀ ਸੁੰਡੀ, ਚਿੱਟੀ ਮੱਖੀ ਅਤੇ ਹੋਰ ਕੀਟਾਂ ਦੀ ਗਿਣਤੀ ਵੀ ਈਟੀਐੱਲ ਪੱਧਰ ਤੋਂ ਹੇਠਾਂ ਹੈ।
ਬਠਿੰਡਾ ਦੇ ਕਿਸਾਨ ਚਿੱਟੀ ਮੱਖੀ ਦੇ ਕਹਿਰ ਤੋਂ ਪ੍ਰੇਸ਼ਾਨ
ਬਠਿੰਡਾ (ਸ਼ਗਨ ਕਟਾਰੀਆ): ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਮਾਹਿਰਾਂ ਵੱਲੋਂ ਜ਼ਿਲ੍ਹੇ ਦੇ ਕਈ ਪਿੰਡਾਂ ਵਿਚਲੇ ਨਰਮੇ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਫ਼ਸਲ ’ਤੇ ਚਿੱਟੀ ਮੱਖੀ ਦਾ ਹਮਲਾ ਦੇਖਣ ਵਿੱਚ ਆਇਆ। ਕੁਝ ਖੇਤਾਂ ਵਿੱਚ ਹਮਲੇ ਦਾ ਅਨੁਪਾਤ ਪ੍ਰਤੀ ਪੱਤਾ 6 ਚਿੱਟੀਆਂ ਮੱਖੀਆਂ ਵੇਖਣ ਨੂੰ ਮਿਲਿਆ। ਜਾਣਕਾਰੀ ਮੁਤਾਬਕ ਮਾਹਿਰਾਂ ਵੱਲੋਂ ਮਹਿਤਾ, ਮਾਨਵਾਲਾ, ਭਗਵਾਨਗੜ੍ਹ, ਸੈਣੇਵਾਲਾ, ਦੂਨੇਵਾਲਾ, ਕਟਾਰ ਸਿੰਘ ਵਾਲਾ, ਕੋਟਸ਼ਮੀਰ, ਭਾਈ ਬਖਤੌਰ, ਮਾਣਕ ਖਾਨਾ, ਚਨਾਰਥਲ, ਮਾਈਸਰ ਖਾਨਾ, ਯਾਤਰੀ, ਕੋਟ ਫੱਤਾ, ਜੋਧਪੁਰ ਪਾਖਰ, ਰਾਮਗੜ੍ਹ ਭੂੰਦੜ, ਨਸੀਬਪੁਰਾ, ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ, ਮਲਕਾਣਾ, ਗਿਆਨਾ, ਫੁੱਲੋ ਖਾਰੀ, ਨੰਗਲਾ ਆਦਿ ਪਿੰਡਾਂ ਵਿੱਚ ਨਰਮੇ ਦੇ ਕੀੜੇ-ਮਕੌੜਿਆਂ ਦਾ ਸਰਵੇਖਣ ਕੀਤਾ ਗਿਆ। ਦੌਰੇ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਾਂ ਦਾ ਹਰ ਹਫਤੇ ਸਰਵੇਖਣ ਕਰਦੇ ਰਹਿਣ ਅਤੇ ਲੋੜ ਮੁਤਾਬਕ ਕੀਟਨਾਸ਼ਕਾਂ ਦਾ ਛਿੜਕਾਅ ਕਰ ਕੇ ਰੋਕਥਾਮ ਕਰਨ।