ਪਾਠਕਾਂ ਦੇ ਖ਼ਤ
ਹੜ੍ਹਾਂ ਦੀ ਮਾਰ
11 ਜੁਲਾਈ ਦਾ ਸੰਪਾਦਕੀ ‘ਮੀਂਹ ਕਾਰਨ ਨੁਕਸਾਨ’ ਅਤੇ ਇਸੇ ਦਨਿ ‘ਲੋਕ ਸੰਵਾਦ ਪੰਨੇ ’ਤੇ ਵਿਜੈ ਬੰਬੇਲੀ ਦਾ ਲੇਖ ‘ਹੜ੍ਹ ਨਿਰਾ ਕੁਦਰਤੀ ਵਰਤਾਰਾ ਨਹੀਂ’ ਮਹੱਤਵਪੂਰਨ ਹਨ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਹੜ੍ਹ ਕੁਦਰਤੀ ਵਰਤਾਰਾ ਹੈ ਪਰ ਇਸ ਵਰਤਾਰੇ ਲਈ ਮਨੁੱਖ ਜਾਤੀ ਨੂੰ ਮਨਫ਼ੀ ਕਰ ਦੇਣਾ ਵੀ ਠੀਕ ਨਹੀਂ। ਅੱਜ ਪੰਜਾਬ ਵਿਚ ਹੜ੍ਹਾਂ ਵਰਗੇ ਜੋ ਹਾਲਾਤ ਬਣੇ ਹੋਏ ਹਨ, ਇਸ ਪਿੱਛੇ ਮਨੁੱਖ ਵੱਲੋਂ ਆਪਣੀਆਂ ਲਾਲਸਾਵਾਂ ਖਾਤਰ ਕੁਦਰਤ ਨਾਲ ਕੀਤਾ ਜਾ ਰਿਹਾ ਖਿਲਵਾੜ ਹੀ ਹੈ। ਇਸ ਆਫ਼ਤ ਲਈ ਸਰਕਾਰ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ। ਇਸ ਮਸਲੇ ਪ੍ਰਤੀ ਉਸ ਦਾ ਅਵੇਸਲਾਪਨ ਸਾਫ਼ ਝਲਕਦਾ ਹੈ। ਸਰਕਾਰ ਨੂੰ ਬਰਸਾਤੀ ਮੌਸਮ ਤੋਂ ਪਹਿਲਾਂ ਅਜਿਹੀਆਂ ਆਫ਼ਤਾਂ ਰੋਕਣ ਲਈ ਯੋਗ ਕਦਮ ਚੁੱਕਣੇ ਚਾਹੀਦੇ ਹਨ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
ਵਿਰੋਧੀ ਧਿਰ ਦੀ ਏਕਤਾ
12 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਰਾਜੇਸ਼ ਰਾਮਚੰਦਰਨ ਦਾ ਲੇਖ ਪੜ੍ਹਿਆ। ਲੇਖਕ ਦੀ ਟਿੱਪਣੀ ਅਨੁਸਾਰ ਵਿਰੋਧੀ ਧਿਰ ਦੀ ਏਕਤਾ ਦੇ ਸੰਕੇਤ ਤੋਂ ਪਹਿਲਾਂ ਖਿੰਡਾਅ ਅਤੇ ਮਤਭੇਦ ਦਿਸਦੇ ਹਨ। ਲੇਖਕ ਦੀ ਇਹ ਭਾਵਨਾ ਇਕਤਰਫ਼ਾ ਜਾਪਦੀ ਹੈ। ਇਹ ਸਹੀ ਹੈ ਕਿ ਖੇਤਰੀ ਪਾਰਟੀਆਂ ਅਤੇ ਕਾਂਗਰਸ ਪਾਰਟੀ ਵਿਚ ਸੂਬਾ ਪੱਧਰ ’ਤੇ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਆਪਸ ਵਿਚ ਖਿੱਚੋਤਾਣ ਜਾਰੀ ਹੈ, ਭਾਵੇਂ ਉਹ ਪੰਜਾਬ ਵਿਚ ‘ਆਪ’ ਹੋਵੇ, ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਜਾਂ ਫਿਰ ਕੇਰਲ ਵਿਚ ਸੀਪੀਐਮ। ਇਹ ਆਪਸੀ ਟਕਰਾਅ ਅੱਜ ਵੀ ਹੈ ਅਤੇ ਬੇਸ਼ੱਕ, ਅੱਗੇ ਵੀ ਜਾਰੀ ਰਹੇਗਾ ਪਰ ਇਸ ‘ਅੰਦਰੂਨੀ’ ਵਿਰੋਧ ਦੇ ਬਾਵਜੂਦ ਵਿਰੋਧੀ ਧਿਰ ਦੇ ਵੱਡੇ ਹਿੱਸੇ ਦਾ ਪਟਨਾ ਵਿਚ ਇਕੱਠੇ ਹੋਣਾ ਅਤੇ ਮੰਚ ਤੋਂ ਇਕਜੁੱਟਤਾ ਦਾ ਸੰਦੇਸ਼ ਦੇਣਾ ਮਾਇਨੇ ਰੱਖਦਾ ਹੈ। ਆਪਸੀ ਵਖਰੇਵਿਆਂ ਤੋਂ ਉੱਪਰ ਉੱਠਕੇ ਵਿਰੋਧੀ ਧਿਰ ਦਾ ਇਕੱਠੇ ਹੋਣਾ ਆਪਸੀ ਵਿਰੋਧ ਘਟਣ ਦਾ ਸੰਕੇਤ ਹੀ ਨਹੀਂ ਸਗੋਂ ਇਨ੍ਹਾਂ ਦੀ ਸਿਆਸੀ ਮਜਬੂਰੀ ਵੀ ਹੈ। ਅਸਲ ਵਿਚ ਭਾਜਪਾ, ਵਿਰੋਧੀ ਪਾਰਟੀਆਂ ਨੂੰ ਖਤਮ ਕਰਨ ਲਈ ਹਰ ਸੰਵਿਧਾਨਕ, ਗ਼ੈਰ-ਸੰਵਿਧਾਨਕ ਤਰੀਕਾ ਵਰਤ ਰਹੀ ਹੈ। ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ, ਬਿਹਰਾ ਵਿਚ ਜਨਤਾ ਦਲ, ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ, ਮਹਾਰਾਸ਼ਟਰ ਵਿਚ ਸ਼ਿਵ ਸੈਨਾ ਅਤੇ ਐੱਨਸੀਪੀ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ। ਅੱਜ ਖੇਤਰੀ ਪਾਰਟੀਆਂ ਲਈ ਆਪਣੀ ਹੋਂਦ ਬਚਾਉਣ ਦਾ ਸਵਾਲ, ਕਾਂਗਰਸ ਪਾਰਟੀ ਵਿਰੁੱਧ ਲੜਾਈ ਨਾਲੋਂ ਭਾਰੂ ਹੋ ਗਿਆ ਹੈ।
ਡਾਕਟਰ ਸੰਦੀਪ, ਪਟਿਆਲਾ
ਡੇਟਾ ਸੁਰੱਖਿਆ
7 ਜੁਲਾਈ ਦੇ ਸੰਪਾਦਕੀ ‘ਡੇਟ ਦੀ ਸੁਰੱਖਿਆ’ ਵਿਚ ਡੇਟਾ ਸੁਰੱਖਿਆ ਬਿੱਲ ਬਾਰੇ ਜਾਣਕਾਰੀ ਦਿੱਤੀ ਗਈ। ਸਰਕਾਰ ਡੇਟਾ ਸੁਰੱਖਿਆ ਬਿੱਲ ਦੇ ਖਰੜੇ ਨੂੰ ਮੌਨਸੂਨ ਇਜਲਾਸ ਵਿਚ ਪੇਸ਼ ਕਰ ਰਹੀ ਹੈ ਪਰ ਡੇਟਾ ਦੀ ਸੁਰੱਖਿਆ ਬਾਰੇ ਮਾਹਿਰਾਂ ਦੀਆਂ ਚਿੰਤਾਵਾਂ ਤੇ ਵਿਰੋਧੀਆਂ ਦੇ ਤਿੱਖੇ ਸਵਾਲਾਂ ਵਿਚ ਸਰਕਾਰ ਲਈ ਇਸ ਨੂੰ ਪਾਸ ਕਰਵਾਉਣਾ ਸੌਖਾ ਨਹੀਂ ਹੋਵੇਗਾ। ਇਹ ਬਿੱਲ ਸਰਕਾਰੀ ਤੰਤਰ ਨੂੰ ਨਾਗਰਿਕਾਂ ਦੇ ਨਾਮ, ਪਤਾ, ਆਧਾਰ ਨੰਬਰ, ਪੈਨ ਕਾਰਡ, ਪਾਸਪੋਰਟ ਤੇ ਬੈਂਕ ਖਾਤਾ ਨੰਬਰ ਵਰਗੇ ਡੇਟਾ ਨੂੰ ਵਰਤਣ ਦਾ ਅਧਿਕਾਰ ਦਿੰਦਾ ਹੈ ਪਰ ਇਸ ਦੀ ਵਰਤੋਂ ਤੇ ਸੁਰੱਖਿਆ ਦੀ ਚਿੰਤਾ ਨਾਲੋਂ ਵੱਧ ਚਿੰਤਾ ਇਸ ਦੇ ਲੀਕ ਹੋਣ ਅਤੇ ਦੁਰਵਰਤੋਂ ਦੀ ਹੈ।
ਗੁਰਦੀਪ ਸਿੰਘ ਲੈਕਚਰਾਰ, ਮੰਡੀ ਫੂਲ (ਬਠਿੰਡਾ)
ਨੌਜਵਾਨਾਂ ਦਾ ਭਵਿੱਖ
ਪਾਵੇਲ ਕੁੱਸਾ ਦਾ 7 ਜੁਲਾਈ ਨੂੰ ਛਪਿਆ ਮਿਡਲ ‘ਪੰਜਾਬ, ਪੰਜਾਬੀ ਨੌਜਵਾਨ ਤੇ ਪੰਜਾਬ ਦਾ ਭਵਿੱਖ’ ਪੰਜਾਬ ਦੀ ਨਿੱਤ ਡੂੰਘੀ ਹੋ ਰਹੀ ਸਮੱਸਿਆ ਵੱਲ ਧਿਆਨ ਦਿਵਾਉਂਦਾ ਹੈ। ਅੱਜ ਪਰਵਾਸ ਦੀ ਭੇਡਚਾਲ ਨੇ ਸ਼ਾਇਦ ਪੰਜਾਬੀਆਂ ਨੂੰ ਇਹ ਵੀ ਭੁਲਾ ਦਿੱਤਾ ਹੈ ਕਿ ਪੰਜਾਬੀਆਂ ਨੇ ਔਕੜਾਂ ਅੱਗੇ ਕਦੇ ਗੋਡੇ ਨਹੀਂ ਟੇਕੇ। ਨੌਜਵਾਨਾਂ ਦੇ ਭਵਿੱਖ ਬਾਰੇ ਨਿਰਾਸ਼ਾ ਦਾ ਜੋ ਮਾਹੌਲ ਬਣਾਇਆ ਜਾ ਰਿਹਾ ਹੈ, ਇਸ ਦਾ ਹੀ ਸਿੱਟਾ ਹੈ ਕਿ ਪਰਵਾਸ ਦਾ ਵਪਾਰ 6 ਲੱਖ ਕਰੋੜ ਤਕ ਜਾ ਪੁੱਜਾ ਹੈ। ਹੁਣ ਸੋਚਣਾ ਬਣਦਾ ਹੈ ਕਿ ਇਹ ਪੰਜਾਬ ਦਾ ਹੀ ਪੈਸਾ ਹੈ ਜੋ ਵਿਦੇਸ਼ਾਂ ਵਿਚ ਜਾ ਰਿਹਾ ਹੈ। ਅੱਜ ਜ਼ਰੂਰਤ ਹੰਭਲਾ ਮਾਰਨ ਅਤੇ ਅਜਿਹੇ ਰੁਜ਼ਗਾਰ ਲੱਭਣ ਦੀ ਹੈ ਜੋ ਖੇਤੀ ਆਧਾਰਿਤ ਹੋਣ ਅਤੇ ਆਪਣੇ ਨਾਲ ਨਾਲ ਦੂਸਰੇ ਲੋਕਾਂ ਲਈ ਵੀ ਰੋਟੀ ਕਮਾਉਣ ਦਾ ਸਾਧਨ ਬਣ ਸਕਣ।
ਵਿਕਾਸ ਕਪਿਲਾ, ਖੰਨਾ
(2)
7 ਜੁਲਾਈ ਦੇ ਨਜ਼ਰੀਆ ਅੰਕ ਵਿਚ ਪਾਵੇਲ ਕੁੱਸਾ ਦੇ ਲੇਖ ‘ਪਰਵਾਸ, ਪੰਜਾਬੀ ਨੌਜਵਾਨ ਤੇ ਪੰਜਾਬ ਦਾ ਭਵਿੱਖ’ ਵਿਚ ਪੰਜਾਬ ਦੇ ਭਵਿੱਖ ਬਾਰੇ ਫ਼ਿਕਰਮੰਦੀ ਵੀ ਸੀ ਅਤੇ ਉਸ ਦਾ ਹੱਲ ਵੀ। ਇਹ ਵਾਕਈ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦਾ ਨੌਜਵਾਨ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਕੂਚ ਕਰ ਰਿਹਾ ਹੈ। ਸਾਡੇ ਨੌਜਵਾਨਾਂ ਨੂੰ ਆਪਣੇ ਪੰਜਾਬ ਨੂੰ ਵਧੀਆ ਬਣਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸਿਸਟਮ ਦੇ ਮਾੜੇ ਪ੍ਰਬੰਧਾਂ ਵਿਰੁੱਧ ਆਵਾਜ਼ ਉਠਾਉਣ ਲਈ ਜਨਤਕ ਲਾਮਬੰਦੀ ਕਰਨੀ ਚਾਹੀਦੀ ਹੈ।
ਪਰਮਿੰਦਰ ਖੋਖਰ, ਸ੍ਰੀ ਮੁਕਤਸਰ ਸਾਹਬਿ
ਵਰਤੀਂ ਸ਼ਬਦ ਸੰਭਲ ਕੇ
ਪਹਿਲੀ ਜੁਲਾਈ ਨੂੰ ਗੁਰਬਿੰਦਰ ਸਿੰਘ ਮਾਣਕ ਨੇ ਆਪਣੇ ਲੇਖ ‘ਵਰਤੀਂ ਸ਼ਬਦ ਸੰਭਲ ਕੇ…’ ਰਾਹੀਂ ਜਿੱਥੇ ਆਮ ਬੋਲਚਾਲ ਦੀ ਭਾਸ਼ਾ ਵਿਚ ਸ਼ਬਦਾਂ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ, ਉੱਥੇ ਸਹੀ ਸ਼ਬਦਾਂ ਅਤੇ ਭਾਸ਼ਾ ਦੀ ਵਰਤੋਂ ਬਾਰੇ ਜਾਗਰੂਕ ਵੀ ਕੀਤਾ ਹੈ। ਸ਼ਬਦ ਸੰਵਾਰਦੇ ਵੀ ਹਨ ਤੇ ਵਿਗਾੜਦੇ ਵੀ ਹਨ। ਅਦਬ ਤੇ ਸਲੀਕੇ ਨਾਲ ਵਰਤੇ ਸ਼ਬਦ ਬੰਦੇ ਨੂੰ ਪ੍ਰਭਾਵਸ਼ਾਲੀ ਬੁਲਾਰਾ ਬਣਾਉਂਦੇ ਹਨ ਅਤੇ ਸੁਣਨ ਵਾਲੇ ਉੱਪਰ ਵੀ ਚੰਗਾ ਪ੍ਰਭਾਵ ਪਾਉਂਦੇ ਹਨ। ਇਕ ਗੱਲ ਹੋਰ, ਲੇਖਕ ਦੁਆਰਾ ਲੇਖ ਦੇ ਅੰਤ ਵਿਚ ਡਾ. ਹਰਨੇਕ ਸਿੰਘ ਕੋਮਲ ਦੀ ਪੁਸਤਕ ‘ਦੋਹਾ ਸਰਗਮ’ ਵਿਚੋਂ ਇਸ ਦੋਹੇ ਦਾ ਜ਼ਿਕਰ ਰਚਨਾ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ: ‘ਵਰਤੀਂ ਸ਼ਬਦ ਸੰਭਾਲ ਕੇ, ਇਹ ਨੇ ਤੀਰ ਕਮਾਨ/ਰਿਸ਼ਤੇ-ਨਾਤੇ ਚੀਰਦੀ, ਤਿੱਖੀ ਤੇਜ਼ ਜ਼ੁਬਾਨ। ਚੰਗਾ ਹੁੰਦਾ ਜੇਕਰ ਲੇਖ ਵਿਚ ਦੋਹੇ ਦੇ ਲੇਖਕ ਦਾ ਨਾਂ ਵੀ ਲਿਖਿਆ ਜਾਂਦਾ।
ਡਾ. ਨਵਦੀਪ ਕੌਰ, ਲੁਧਿਆਣਾ
ਖੁੱਲ੍ਹਦਿਲੀ ਦੀ ਲੋੜ
30 ਜੂਨ ਦੇ ਸੰਪਾਦਕੀ ‘ਸਾਂਝੇ ਸਿਵਲ ਕੋਡ’ ਦੇ ਮੁੱਦੇ ’ਤੇ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਵਿਚਾਰਾਂ ’ਤੇ ਰੋਸ਼ਨੀ ਪਾਉਂਦਾ ਹੈ। ਸਭ ਦੇ ਮਨ ਵਿਚ ਖਦਸ਼ਾ ਹੈ ਕਿ ਭਾਜਪਾ ਪਾਰਲੀਮੈਂਟ ਵਿਚ ਤਕੜੇ ਬਹੁਮਤ ਦੇ ਬਲਬੂਤੇ ਹਿੰਦੂਤਵ ਤੋਂ ਪ੍ਰੇਰਿਤ ਭਾਵਨਾਵਾਂ ਨੂੰ ਸਾਂਝੇ ਸਿਵਲ ਕੋਡ ਰਾਹੀਂ ਸਾਰੀਆਂ ਘੱਟਗਿਣਤੀਆਂ ਅਤੇ ਹੋਰ ਭਾਈਚਾਰਿਆਂ ’ਤੇ ਥੋਪ ਰਹੀ ਹੈ। ਇਹ ਸਮਾਜਿਕ ਮੁੱਦਾ ਬਹੁਤ ਸੰਵੇਦਨਸ਼ੀਲ ਹੈ। ਇਸ ਲਈ ਖੁੱਲ੍ਹਦਿਲੀ ਨਾਲ ਸੋਚਣ ਦੀ ਲੋੜ ਹੈ।
ਜਗਰੂਪ ਸਿੰਘ, ਲੁਧਿਆਣਾ