ਜਲੰਧਰ ਕੈਂਟ ਤੇ ਫਿਲੌਰ ਦੇ ਰੇਲਵੇ ਸਟੇਸ਼ਨਾਂ ’ਤੇ ਖ਼ਰਚੇ ਜਾਣਗੇ 122 ਕਰੋੜ ਰੁਪਏ: ਰਿੰਕੂ
ਹਤਿੰਦਰ ਮਹਿਤਾ/ਸਰਬਜੀਤ ਗਿੱਲ
ਜਲੰਧਰ, 6 ਅਗਸਤ
ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਹੈ ਕਿ ਜਲੰਧਰ ਕੈਂਟ ਅਤੇ ਫਿਲੌਰ ਵਿਖੇ ਨਵੀਨਤਮ ਰੇਲਵੇ ਸਟੇਸ਼ਨ ਜਲੰਧਰ ਦੇ ਸਰਵਪੱਖੀ ਵਿਕਾਸ ਨੂੰ ਵੱਡਾ ਹੁਲਾਰਾ ਦੇਣਗੇ। ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਸਬੰਧੀ ਕੰਮ ਦੀ ਵੀਡੀਓ ਕਾਨਫਰੰਸ ਰਾਹੀਂ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਸ੍ਰੀ ਰਿੰਕੂ ਨੇ ਕਿਹਾ ਕਿ ਇਹ ਇਤਿਹਾਸਿਕ ਮੌਕਾ ਦੋਆਬਾ ਖਿੱਤੇ ਦੇ ਵਿਕਾਸ ਵਿੱਚ ਮੀਲ ਪੱਥਰ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਨ ਨਾਲ ਆਮ ਯਾਤਰੀਆਂ ਦੇ ਨਾਲ-ਨਾਲ ਵਪਾਰ ਨੂੰ ਵੱਡਾ ਹੁਲਾਰਾ ਮਿਲੇਗਾ ਕਿਉਂਕਿ ਇਨ੍ਹਾਂ ਦਾ ਡਿਜ਼ਾਇਨ ਆਮ ਲੋਕਾਂ ਦੀਆਂ ਲੋੜਾਂ ਅਤੇ ਭਵਿੱਖ ਦੀਆਂ ਵਪਾਰਕ ਗਤੀਵਿਧੀਆਂ ਦੇ ਮੱਦੇਨਜ਼ਰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਤੌਰ ਸੰਸਦ ਮੈਂਬਰ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਲੰਧਰ ਜ਼ਿਲ੍ਹੇ ਦੇ ਫਿਲੌਰ ਅਤੇ ਜਲੰਧਰ ਕੈਂਟ ਰੇਲਵੇ ਸਟੇਸ਼ਨਾਂ ਨੂੰ ਇਸ ਵੱਕਾਰੀ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸੇ ਦੌਰਾਨ ਫਿਲੌਰ ਦੇ ਰੇਲਵੇ ਸਟੇਸ਼ਨ ’ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਪੁਆਰ, ਐਸਡੀਐਮ ਫਿਲੌਰ ਅਮਨਪਾਲ ਸਿੰਘ ਨੇ ਸਥਾਨਕ ਪੱਧਰ ਤੇ ਨਵੀਨੀਕਰਨ ਦੀ ਸ਼ੁਰੂਆਤ ਕੀਤੀ। ਅਮਿ੍ੰਤ ਭਾਰਤ ਸਟੇਸ਼ਨ ਯੋਜਨਾ ਤਹਿਤ ਨਵੇਂ ਪਲੇਟਫਾਰਮ, ਖੁਲਾ ਏਰੀਆ, ਬਿਹਤਰ ਰੌਸ਼ਨੀ, ਵਧੀਆ ਪਾਰਕਿੰਗ ਖੇਤਰ, ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਲਈ ਸਹੂਲਤ ਤੋਂ ਇਲਾਵਾ ਹੋਰ ਅਨੇਕ ਸਹੂਲਤਾਂ ਦਿੱਤੀਆਂ ਜਾਣਗੀਆਂ।