ਸੀ-ਪਾਇਟ ਕੇਂਦਰ ’ਚ 1200 ਨੌਜਵਾਨਾਂ ਨੂੰ ਮਿਲੇਗੀ ਸਿਖਲਾਈ: ਭਗਵੰਤ ਮਾਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੇੜਲੇ ਪਿੰਡ ਖੇੜੀ (ਹਲਕਾ ਸੁਨਾਮ) ਵਿੱਚ ਲਗਪਗ 29 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੈਂਟਰ ਫਾਰ ਟਰੇਨਿੰਗ ਐਂਡ ਐਂਪਲਾਇਮੈਂਟ ਆਫ ਪੰਜਾਬ ਯੂਥ (ਸੀ-ਪਾਈਟ) ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀ-ਪਾਇਟ ਕੇਂਦਰ 10 ਏਕੜ ਰਕਬੇ ਵਿੱਚ ਬਣੇਗਾ ਅਤੇ ਇਸ ਕੇਂਦਰ ਵਿੱਚ ਸਾਲਾਨਾ 1200 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 14 ਸੀ-ਪਾਇਟ ਕੈਂਪ ਹਨ, ਜਿਨ੍ਹਾਂ ਵਿੱਚ ਹੁਣ ਤੱਕ 2,52,656 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਸ ਵਿੱਚੋਂ 1,14,670 ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੀ-ਪਾਇਟ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਖੇੜੀ ਵਿੱਚ ਸਥਾਪਤ ਹੋਣ ਵਾਲੇ ਕੈਂਪਸ ਵਿੱਚ ਕਲਾਸ ਰੂਮ, ਰਹਿਣ-ਸਹਿਣ, ਖਾਣ-ਪੀਣ, ਆਧੁਨਿਕ ਖੇਡ ਮੈਦਾਨ ਸਣੇ ਉੱਚ ਦਰਜੇ ਦੀਆਂ ਸਹੂਲਤਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਬਾਕੀ 14 ਸੀ-ਪਾਇਟ ਕੈਂਪਸ ਵੀ ਕਲਾਸਾਂ ਅਤੇ ਹੋਰ ਆਧੁਨਿਕ ਸਹੂਲਤਾਂ ਨਾਲ ਅਪਗ੍ਰੇਡ ਕੀਤੇ ਜਾ ਰਹੇ ਹਨ, ਇਸ ਉਦੇਸ਼ ਲਈ ਪੰਜਾਬ ਸਰਕਾਰ ਵੱਲੋਂ 78.50 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਸੀ-ਪਾਇਟ ਵੱਲੋਂ ਹੁਣ ਨੌਜਵਾਨਾਂ ਲਈ ਡਰੋਨ, ਸੁਰੱਖਿਆ ਸੇਵਾਵਾਂ ਅਤੇ ਖੁਦਾਈ ਦੀ ਸਿਖਲਾਈ ਵੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਇਕ ਸੀ-ਪਾਇਟ ਕੈਂਪਸ ਵਿੱਚ ‘ਸੈਂਟਰ ਆਫ ਐਕਸੀਲੈਂਸ ਇਨ ਡਰੋਨ ਟਰੇਨਿੰਗ, ਰਿਪੇਅਰ ਐਂਡ ਅਸੈਂਬਲੀ ਦੀ ਸਥਾਪਨਾ’ ਕੀਤੀ ਜਾਵੇਗੀ।