ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚਣ ਵਾਲੇ ਦੋ ਤਸਕਰਾਂ ਨੂੰ 12-12 ਸਾਲ ਦੀ ਸਜ਼ਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਨਵੰਬਰ
ਗੁਆਂਢੀ ਦੇਸ਼ ਪਾਕਿਸਤਾਨ ਦੇ ਤਸਕਰਾਂ ਨਾਲ ਸੰਪਰਕ ਕਰ ਕੇ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਰਾਹੀਂ ਹੈਰੋਇਨ ਦੀ ਖੇਪ ਲਿਆ ਕੇ ਸਪਲਾਈ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਦੋ ਵਿਅਕਤੀਆਂ ਨੂੰ ਲੁਧਿਆਣਾ ਦੀ ਅਦਾਲਤ ਨੇ 12-12 ਸਾਲ ਦੀ ਸਜ਼ਾ ਸੁਣਾਈ ਹੈ। ਦੋਵਾਂ ਨੂੰ ਅਦਾਲਤ ਨੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ। ਇਨ੍ਹਾਂ ਨੂੰ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ 2020 ਵਿੱਚ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਕੋਟਲੀ ਔਲਖ ਵਾਸੀ ਪ੍ਰਤਾਪ ਸਿੰਘ ਤੇ ਫਿਰੋਜ਼ਪੁਰ ਦੇ ਥਾਣਾ ਗੁਰੂ ਹਰਸਹਾਏ ਦੇ ਇਲਾਕੇ ’ਚ ਸਥਿਤ ਪਿੰਡ ਮੋਗਾ ਪੰਜ ਗਰਾਈਆਂ ਹੇਠਾਰ ਵਾਸੀ ਪਰਮਜੀਤ ਸਿੰਘ ਉਰਫ਼ ਪੰਮਾ ਵਜੋਂ ਹੋਈ ਹੈ। ਐੱਸਟੀਐਫ਼ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮਈ 2020 ’ਚ ਐੱਸਟੀਐੱਫ਼ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਨਸ਼ਾ ਤਸਕਰੀ ਕਰਦੇ ਹਨ ਅਤੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਰਾਹੀਂ ਨਸ਼ਾ ਮੰਗਵਾਉਂਦੇ ਹਨ। ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਫਿਰੋਜ਼ਪੁਰ ਦੀ ਬੀਐੱਸਐੱਫ ਚੌਕੀ ਸਮਸਕੋ ਇਲਾਕੇ ਦੀ ਕੰਡਿਆਲੀ ਤਾਰ ਕੋਲ ਖੇਤ ’ਚ ਦੱਬੀ ਹੈਰੋਇਨ ਬਰਾਮਦ ਕੀਤੀ ਸੀ।
ਮੁਲਜ਼ਮ ਕਿਸੇ ਨਾ ਕਿਸੇ ਤਰੀਕੇ ਸਰਹੱਦ ਪਾਰ ਤੋਂ ਹੈਰੋਇਨ ਮੰਗਵਾ ਕੇ ਮਿੱਟੀ ’ਚ ਦਬਾ ਦਿੰਦੇ ਸਨ। ਬਾਅਦ ’ਚ ਹੌਲੀ-ਹੌਲੀ ਉਸਨੂੰ ਕੱਢ ਕੇ ਅੱਗੇ ਵੇਚਦੇ ਰਹਿੰਦੇ ਸਨ। ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਦਰਜ ਕੀਤੇ ਕੇਸ ਦੀ ਪੈਰਵਾਈ ਐੱਸਟੀਐੱਫ ਨੇ ਸਹੀ ਤਰੀਕੇ ਨਾਲ ਕੀਤੀ ਤੇ ਪੂਰੇ ਸਬੂਤ ਅਦਾਲਤ ਸਾਹਮਣੇ ਪੇਸ਼ ਕੀਤੇ।