ਡਾਕਟਰ ਦੇ ਘਰੋਂ 12 ਤੋਲੇ ਸੋਨਾ ਤੇ 6 ਲੱਖ ਚੋਰੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਅਗਸਤ
ਬਾਬੈਨ ਵਿੱਚ ਲੁਟੇਰਿਆਂ ਨੇ ਰਾਜਿੰਦਰ ਹੈਲਥ ਕਲੀਨਿਕ ਤੇ ਮੇਟਰਨਿਟੀ ਸੈਂਟਰ ਦੀ ਸੰਚਾਲਿਕਾ ਡਾ. ਅਰਚਨਾ ਸੈਣੀ ਦੇ ਘਰ ਅੰਦਰ ਦਾਖ਼ਲ ਹੋ ਕੇ ਘਰ ਵਿੱਚ ਰੱਖੇ 12 ਤੋਲੇ ਸੋਨੇ ਦੇ ਗਹਿਣੇ ਤੇ 6 ਲੱਖ ਰੁਪਏ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ ਹਨ। ਵਾਰਦਾਤ ਦੀ ਸੂਚਨਾ ਮਿਲਦੇ ਹੀ ਬਾਬੈਨ ਪੁਲੀਸ ਤੋਂ ਇਲਾਵਾ ਸ਼ਾਹਬਾਦ ਦੇ ਡੀਐੱਸਪੀ ਰਣਧੀਰ ਸਿੰਘ ਸੀਆਈਏ-1 ਤੇ ਸੀਆਈ ਦੋ ਦੀਆਂ ਟੀਮਾਂ ਤੋਂ ਇਲਾਵਾ ਸੀਨ ਆਫ ਕਰਾਈਮ ਦੀਆਂ ਟੀਮਾਂ ਵੀ ਮੌਕੇ ’ਤੇ ਪੁੱਜੀਆਂ ਤੇ ਜ਼ਰੂਰੀ ਸਬੂਤ ਇੱਕਠੇ ਕੀਤੇ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਡਾ. ਸੈਣੀ ਨੇ ਦੱਸਿਆ ਕਿ ਲੁਟੇਰਿਆਂ ਦੇ ਹੱਥਾਂ ਵਿੱਚ ਰਾਡ ’ਤੇ ਹੋਰ ਹਥਿਆਰ ਸਨ ਤੇ ਉਨ੍ਹਾਂ ਨੇ ਸਿਰਫ ਅੰਡਰ ਵੇਅਰ ਹੀ ਪਹਿਨਣ ਤੋਂ ਇਲਾਵਾ ਮੂੰਹ ’ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਲੁਟੇਰੇ ਰਾਤ ਦੇ ਕਰੀਬ 2: 30 ਵਜੇ ਮਕਾਨ ਦੀ ਪਿਛਲੀ ਖਿੜਕੀ ਦੀ ਗਰਿੱਲ ਤੋੜ ਕੇ ਮਕਾਨ ਅੰਦਰ ਵੜੇ ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਰਾਡ ਨਾਲ ਲਾਕਰ ਤੋੜ ਦਿੱਤਾ ਤੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 6 ਲੱਖ ਰੁਪਏ ਦੀ ਨਕਦੀ ਵੀ ਲੁੱਟ ਲਈ ਤੇ ਡਾ. ਅਰਚਨਾ ਸੈਣੀ ਦੇ ਗਲੇ ’ਚੋਂ ਸੋਨੇ ਦੀ ਚੇਨ ਵੀ ਝਪਟਾ ਮਾਰ ਕੇ ਤੋੜ ਦਿੱਤੀ। ਲੁਟੇਰੇ ਜਾਂਦੇ ਹੋਏ ਅਰਚਨਾ ਦੇ ਦੋਵੇਂ ਮੋਬਾਈਲ ਵੀ ਲੈ ਗਏ। ਡਾ. ਅਰਚਨਾ ਸੈਣੀ ਦੇ ਤੇ ਉਸ ਦੀ ਸੱਸ ਹੀ ਘਰ ਵਿੱਚ ਮੌਜੂਦ ਸਨ।
ਮਜ਼ਦੂਰ ਦੇ ਘਰੋਂ ਗਹਿਣੇ ਚੋਰੀ਼
ਰਤੀਆ (ਪੱਤਰ ਪ੍ਰੇਰਕ): ਸ਼ਹਿਰ ਦੇ ਨਜ਼ਦੀਕ ਸ਼ੇਰਗੜ੍ਹ ਢਾਣੀ ਦਾ ਮਜ਼ਦੂਰ ਪਰਿਵਾਰ ਜਦੋਂ ਮਜ਼ਦੂਰੀ ਲਈ ਖੇਤ ਗਿਆ ਹੋਇਆ ਸੀ ਤਾਂ ਪਿੱਛੋਂ ਉਸ ਦੇ ਘਰੋਂ ਚੋਰ ਲੱਖਾਂ ਰੁਪਏ ਦੇ ਗਹਿਣੇ ਲੈ ਗਏ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ੇਰਗੜ੍ਹ ਢਾਣੀ ਵਾਸੀ ਪਾਲਾ ਰਾਮ ਦਾ ਕਹਿਣਾ ਹੈ ਕਿ ਬੀਤੇ ਦਿਨ ਉਹ ਆਪਣੇ ਪਰਿਵਾਰ ਨਾਲ ਕੰਮ ਕਰਨ ਲਈ ਖੇਤ ਗਿਆ ਹੋਇਆ ਸੀ। ਪਾਲਾ ਰਾਮ ਅਨੁਸਾਰ ਦੁਪਹਿਰ ਨੂੰ ਜਦੋਂ ਉਸ ਦਾ ਲੜਕਾ ਗੁਰਜੀਵਨ ਸਿੰਘ ਸਕੂਲੋਂ ਘਰ ਆਇਆ ਤਾਂ ਉਸ ਨੇ ਚੋਰੀ ਸਬੰਧੀ ਉਨ੍ਹਾਂ ਨੂੰ ਦੱਸਿਆ। ਪਾਲਾ ਰਾਮ ਅਨੁਸਾਰ ਚੋਰਾਂ ਨੇ ਮਕਾਨ ਦੇ ਤਾਲੇ ਤੋੜਨ ਕੇ ਘਰ ਦੇ ਕਮਰੇ ਅੰਦਰ ਇਕ ਟਰੰਕ ਵਿੱਚ ਰੱਖੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਪਾਲਾ ਰਾਮ ਅਨੁਸਾਰ ਚੋਰ ਉਕਤ ਟਰੰਕ ਵਿੱਚ ਰੱਖੇ ਕਰੀਬ 1 ਕਿੱਲੋ ਚਾਂਦੀ ਅਤੇ 2 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ।