ਦੋ ਧੜਿਆਂ ਵਿਚਾਲੇ ਖੂਨੀ ਝੜਪ ਦੌਰਾਨ 12 ਗੰਭੀਰ ਜ਼ਖ਼ਮੀ
ਬਲਵਿੰਦਰ ਰੈਤ
ਨੂਰਪੁਰ ਬੇਦੀ, 7 ਨਵੰਬਰ
ਪਿੰਡ ਧਮਾਣਾ ਵਿੱਚ ਦੋ ਧੜਿਆਂ ਵਿਚਾਲੇ ਹੋਏ ਖੂਨੀ ਝੜਪ ਦੌਰਾਨ ਦੋਵਾਂ ਧਿਰਾਂ ਦੇ ਕਰੀਬ 6-6 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਇਸ ਮਾਮਲੇ ਨੂੰ ਲੈ ਕੇ ਸਥਾਨਕ ਪੁਲੀਸ ਨੇ ਦੋਵੇਂ ਧਿਰਾਂ ’ਚੋਂ ਇਕ ਧਿਰ ਦੇ 12 ਵਿਅਕਤੀਆਂ ਜਦ ਕਿ ਦੂਸਰੀ ਧਿਰ ਦੇ 22 ਵਿਅਕਤੀਆਂ ਖ਼ਿਲਾਫ਼ ਕਰਾਸ ਮਾਮਲਾ ਦਰਜ ਕੀਤਾ ਹੈ। ਉਕਤ ਝਗੜਾ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਹੋਇਆ ਦੱਸਿਆ ਜਾਂਦਾ ਹੈ। ਇਸ ਸਬੰਧੀ ਪਹਿਲੀ ਧਿਰ ਦੇ ਸੁਰਜੀਤ ਸਿੰਘ ਵਾਸੀ ਧਮਾਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਸਬੰਧੀ ਥਾਣਾ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦੱਸਿਆ ਕਿ ਸੁਰਜੀਤ ਸਿੰਘ ਦਾ ਗੁਆਂਢੀ ਜਸਵਿੰਦਰ ਸਿੰਘ ਟਰੈਕਟਰ-ਟਰਾਲੀ ਲੈ ਕੇ ਗਲੀ ਵਿੱਚੋਂ ਲੰਘ ਰਿਹਾ ਸੀ, ਜਦੋਂ ਉਸ ਦੀ ਘਰਵਾਲੀ ਮਨਜੀਤ ਕੌਰ ਨੇ ਗਲੀ ’ਚ ਢੇਰ ਦੇ ਡਿੱਗਣ ’ਤੇ ਜਸਵਿੰਦਰ ਸਿੰਘ ਨੂੰ ਇਸ ਦੀ ਸਫਾਈ ਕਰਨ ਲਈ ਕਿਹਾ ਤਾਂ ਉਸ ਵੱਲੋਂ ਉਸਦੀ ਪਤਨੀ ਨੂੰ ਗਾਲੀ ਗਲੋਚ ਕੀਤਾ ਗਿਆ। ਉਸਦੀ ਪਤਨੀ ਨੇ ਗੁੱਸੇ ’ਚ ਉਕਤ ਢੇਰ ਚੁੱਕ ਕੇ ਜਸਵਿੰਦਰ ਦੇ ਗੇਟ ਮੂਹਰੇ ਸੁੱਟ ਦਿੱਤਾ। ਮੌਕੇ ’ਤੇ ਆਏ ਇਕ ਦਰਜਨ ਵਿਅਕਤੀਆਂ ਨੇ ਉਨ੍ਹਾਂ ’ਤੇ ਡੰਡਿਆਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖ਼ਮੀ ਹੋਏ 6 ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਥਾਣਾ ਮੁਖੀ ਢਿੱਲੋਂ ਨੇ ਦੱਸਿਆ ਕਿ ਉਕਤ ਬਿਆਨਾਂ ’ਤੇੇ 12 ਵਿਅਕਤੀਆਂ ਜਰਨੈਲ ਸਿੰਘ, ਗੁਰਚਰਨ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ, ਸੰਦੀਪ, ਸਤਨਾਮ ਉਰਫ ਸੱਤੂ, ਸੁਖਵੀਰ ਉਰਫ ਲੱਕੀ, ਮੋਹਣ ਸਿੰਘ, ਕਸ਼ਮੀਰ ਸਿੰਘ, ਗੁਰਮੇਲ ਸਿੰਘ, ਅਵਤਾਰ ਕੌਰ , ਸੁਖਵਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਪ੍ਰਕਾਰ ਦੂਸਰੀ ਧਿਰ ਦੇ ਜਰਨੈਲ ਸਿੰਘ ਨੇ ਦਰਜ ਕਰਵਾਏ ਬਿਆਨਾਂ ’ਚ ਕਿਹਾ ਕਿ ਕੁਝ ਵਿਅਕਤੀ ਉਸਦੇ ਭਰਾ ਜਸਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਨਾਲ ਕੁੱਟਮਾਰ ਕਰ ਰਹੇ ਸਨ, ਜਦੋਂ ਉਹ ਉਸਦੀ ਸਹਾਇਤਾ ਲਈ ਪਹੁੰਚਿਆ ਤਾਂ ਹਮਲਵਰਾਂ ਨੇ ਉਸਦੀ ਅਤੇ ਉਨ੍ਹਾਂ ਦੀ ਸਹਾਇਤਾ ਲਈ ਆਏ ਅੱਧਾ ਦਰਜਨ ਹੋਰ ਵਿਅਕਤੀ ਦੀ ਪੱਥਰ ਤੇ ਰੋੜਿਆਂ ਅਤੇ ਡਾਂਗਾਂ ਨਾਲ ਗੰਭੀਰ ਕੁੱਟਮਾਰ ਕੀਤੀ। ਥਾਨਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਬਿਆਨਾਂ ’ਤੇ ਦੂਜੀ ਧਿਰ ਦੇ 22 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਢਿੱਲੋਂ ਨੇ ਦੱਸਿਆ ਕਿ ਜਰਨੈਲ ਸਿੰਘ ਦੀ ਧਿਰ ਦੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।