ਇਜ਼ਰਾਇਲੀ ਫੌਜ ਦੇ ਹਮਲੇ ’ਚ 12 ਫਲਸਤੀਨੀ ਹਲਾਕ
ਦੀਰ ਅਲ-ਬਲਾਹ, 1 ਜਨਵਰੀ
ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਪੱਟੀ ’ਚ ਕੀਤੇ ਗਏ ਹਮਲੇ ’ਚ 12 ਫਲਸਤੀਨੀ ਮਾਰੇ ਗਏ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ’ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਜੰਗ ਨੂੰ 15 ਮਹੀਨੇ ਬੀਤ ਚੁੱਕੇ ਹਨ ਅਤੇ ਨਵੇਂ ਸਾਲ ’ਚ ਵੀ ਇਸ ਦੇ ਖ਼ਾਤਮੇ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਉੱਤਰੀ ਗਾਜ਼ਾ ਦੇ ਜਬਾਲੀਆ ਇਲਾਕੇ ’ਚ ਪੈਂਦੇ ਇਕ ਘਰ ’ਤੇ ਹਮਲੇ ’ਚ ਇਕ ਮਹਿਲਾ ਅਤੇ ਚਾਰ ਬੱਚਿਆਂ ਸਮੇਤ ਸੱਤ ਵਿਅਕਤੀ ਮਾਰੇ ਗਏ। ਹਮਲੇ ’ਚ ਇਕ ਦਰਜਨ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਇਸੇ ਤਰ੍ਹਾਂ ਸੈਂਟਰਲ ਗਾਜ਼ਾ ਦੇ ਬੁਰੇਜ ਸ਼ਰਨਾਰਥੀ ਕੈਂਪ ’ਤੇ ਹੋਏ ਇਕ ਹੋਰ ਹਮਲੇ ’ਚ ਇਕ ਔਰਤ ਅਤੇ ਇਕ ਬੱਚਾ ਮਾਰੇ ਗਏ। ਫੌਜ ਨੇ ਬੁਰੇਜ ਨੇੜਲੇ ਇਲਾਕੇ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਇਜ਼ਰਾਇਲੀ ਫੌਜ ਦਾ ਦਾਅਵਾ ਹੈ ਕਿ ਫਲਸਤੀਨੀ ਦਹਿਸ਼ਤਗਰਦਾਂ ਵੱਲੋਂ ਰਾਕੇਟ ਦਾਗ਼ੇ ਜਾਣ ਦੇ ਜਵਾਬ ’ਚ ਉਨ੍ਹਾਂ ਖ਼ਿਲਾਫ਼ ਉਹ ਕਾਰਵਾਈ ਕਰਨਗੇ। ਤੀਜਾ ਹਮਲੇ ਬੁੱਧਵਾਰ ਤੜਕੇ ਖਾਨ ਯੂਨਿਸ ’ਚ ਹੋਇਆ ਜਿਸ ’ਚ ਤਿੰਨ ਵਿਅਕਤੀ ਹਲਾਕ ਹੋ ਗਏ। ਇਸ ਦੌਰਾਨ ਲਿਬਨਾਨ ’ਚ ਦਾਖ਼ਲ ਹੋਏ ਪੁਰਾਤੱਤ ਮਾਹਿਰ ਜ਼ੀਵ ਐਰਲਿਚ (70) ਦੀ ਇਕ ਫੌਜੀ ਦੇ ਨਾਲ ਹੱਤਿਆ ’ਤੇ ਸਵਾਲ ਖੜ੍ਹੇ ਹੋ ਗਏ ਹਨ। -ਏਪੀ