12 Naxalites Killed: ਛੱਤੀਸਗੜ੍ਹ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 12 ਨਕਸਲੀ ਹਲਾਕ
ਬੀਜਾਪੁਰ, 16 ਜਨਵਰੀ
12 Naxalites Killed: ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ 12 ਨਕਸਲੀ ਮਾਰੇ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲਾ ਸਵੇਰੇ 9 ਵਜੇ ਦੇ ਕਰੀਬ ਦੱਖਣੀ ਬੀਜਾਪੁਰ ਦੇ ਜੰਗਲਾਂ ਵਿੱਚ ਉਸ ਵੇਲੇ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨਕਸਲ ਵਿਰੋਧੀ ਕਾਰਵਾਈ ’ਤੇ ਸੀ।
ਉਨ੍ਹਾਂ ਦੱਸਿਆ ਕਿ ਸ਼ਾਮ ਤੱਕ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਅਧਿਕਾਰੀ ਨੇ ਕਿਹਾ, "ਸ਼ੁਰੂਆਤੀ ਜਾਣਕਾਰੀ ਅਨੁਸਾਰ ਮੁਕਾਬਲੇ ਵਿੱਚ 12 ਨਕਸਲੀ ਮਾਰੇ ਗਏ। ਇਲਾਕੇ ਵਿੱਚ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ।" ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਇਸ ਨਾਲ ਇਸ ਮਹੀਨੇ ਹੁਣ ਤੱਕ ਸੂਬੇ ਵਿੱਚ ਵੱਖ-ਵੱਖ ਮੁਕਾਬਲਿਆਂ ’ਚ 26 ਨਕਸਲੀ ਮਾਰੇ ਜਾ ਚੁੱਕੇ ਹਨ। ਬੀਜਾਪੁਰ ਜ਼ਿਲ੍ਹੇ ਦੇ ਮਦੀਦ ਥਾਣਾ ਖੇਤਰ ਵਿੱਚ 12 ਜਨਵਰੀ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਦੋ ਔਰਤਾਂ ਸਮੇਤ ਪੰਜ ਮਾਓਵਾਦੀ ਮਾਰੇ ਗਏ ਸਨ। ਪਿਛਲੇ ਸਾਲ ਸੁਰੱਖਿਆ ਬਲਾਂ ਨੇ ਸੂਬੇ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ 219 ਨਕਸਲੀਆਂ ਨੂੰ ਮਾਰ ਮੁਕਾਇਆ ਸੀ।
ਆਈਈਡੀ ਫਟਣ ਕਾਰਨ ਦੋ ਕਮਾਂਡੋ ਜ਼ਖ਼ਮੀ
ਬੀਜਾਪੁਰ: ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਹੀ ਅੱਜ ਨਕਸਲੀਆਂ ਵੱਲੋਂ ਲਾਇਆ ਗਿਆ ਆਈਈਡੀ ਫਟਣ ਕਾਰਨ ਕੇਂਦਰੀ ਰਿਜ਼ਰਵ ਪੁਲੀਸ ਫੋਰਸ (CRPF) ਦੀ ਕੋਬਰਾ ਯੂਨਿਟ ਦੇ ਦੋ ਕਮਾਂਡੋ ਜ਼ਖਮੀ ਹੋ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਬਾਸਾਗੁਡਾ ਥਾਣੇ ਅਧੀਨ ਪੈਂਂਦੇ ਇਲਾਕੇ ਵਿੱਚ ਤੜਕੇ ਵਾਪਰਿਆ।
ਮੁੱਢਲੀ ਜਾਣਕਾਰੀ ਅਨੁਸਾਰ ਸੁਰੱਖਿਆ ਕਰਮਚਾਰੀ ਬੇਧਿਆਨੀ ਵਿੱਚ ਪ੍ਰੈਸ਼ਰ ਆਈਈਡੀ ਦੇ ਸੰਪਰਕ ਵਿੱਚ ਆ ਗਏ। ਇਸ ਕਾਰਨ ਧਮਾਕਾ ਹੋਇਆ ਤੇ ਦੋ ਜਵਾਨ ਜ਼ਖਮੀ ਹੋ ਗਏ। -ਪੀਟੀਆਈ