ਕੰਬਾਈਨ ਤਿਆਰ ਕਰਨ ਦਾ ਝੂਠਾ ਇਕਰਾਰ ਕਰਕੇ 12 ਲੱਖ ਰੁਪਏ ਠੱਗੇ
ਪੱਤਰ ਪ੍ਰੇਰਕ
ਜਗਰਾਉਂ, 26 ਜੁਲਾਈ
ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਵੱਲੋਂ ਇੱਕ ਕਿਸਾਨ ਨਾਲ ਕੰਬਾਈਨ ਤਿਆਰ ਕਰਕੇ ਦੇਣ ਦਾ ਇਕਰਾਰ ਕਰਕੇ ਠੱਗੀ ਮਾਰਨ ਵਾਲੇ ਪਟਿਆਲਾ ਜ਼ਿਲੇ ਦੇ ਦੋ ਮਿਸਤਰੀਆਂ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮਾਮਲੇ ਬਾਰੇ ਪੀੜ੍ਹਤ ਵਿਅਕਤੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਗਾਲਬਿ ਕਲਾਂ ਨੇ ਦੱਸਿਆ ਕਿ ਉਸ ਨੇ ਹਰੀਦਾਸ ਕਲੋਨੀ ਪਟਿਆਲਾ ਰੋਡ ਨਾਭਾ ਦੇ ਅਵਤਾਰ ਸਿੰਘ ਤਾਰੀ ਅਤੇ ਕੁਲਦੀਪ ਸਿੰਘ ਉਰਫ ਮੁਕੰਦ ਸਿੰਘ ਵਾਸੀ ਹਿਆਣਾ ਨਾਭਾ ਨੂੰ ਆਪਣੀ ਕੰਬਾਇਨ ਦਾ ਇੰਜਣ ਤਿਆਰ ਕਰਨ ਲਈ ਦਿੱਤਾ ਸੀ ਜਿਸ ਲਈ ਉਸ ਨੇ ਦੋਵਾਂ ਨੂੰ 12 ਲੱਖ ਰੁਪਏ ਦੇ ਦਿੱਤੇ। ਪਰ ਅਵਤਾਰ ਸਿੰਘ ਤਾਰੀ ਅਤੇ ਕੁਲਦੀਪ ਸਿੰਘ ਨੇ ਸਲਾਹ ਕਰਕੇ ਕੰਬਾਈਨ ਦੇ ਇੰਜਣ ਦੇ ਪਾਰਟਸ ਖੁਰਦ-ਬੁਰਦ ਕਰ ਦਿੱਤੇ। ਪੀੜਤ ਨੇ ਇਸ ਮਸਲੇ ਦੇ ਹੱਲ ਲਈ ਦੋਵਾਂ ਮਿਸਤਰੀਆਂ ਨਾਲ ਰਾਬਤਾ ਕਰਨ ਦੀਆਂ ਬਹੁਤ ਕੋਸ਼ਿਸਾਂ ਕੀਤੀਆਂ ਪਰ ਕੋਈ ਹੱਲ ਨਾ ਨਿਕਲਿਆ ਉਲਟਾ ਅਵਤਾਰ ਸਿੰਘ ਤਾਰੀ ਅਤੇ ਕੁਲਦੀਪ ਸਿੰਘ ਗੁਰਪ੍ਰੀਤ ਸਿੰਘ ਡਰਾਉਣ ਧਮਕਾਉਣ ਲੱਗੇ। ਇਸ ’ਤੇ ਦੋਵਾਂ ਨੇ ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਪੁਲੀਸ ਮੁਖੀ ਨੂੰ ਕੀਤੀ, ਉਨ੍ਹਾਂ ਪੜਤਾਲ਼ ਉਪਰੰਤ ਦੋਵਾਂ ਖਿਲਾਫ ਧੋਖਾਧੜੀ ਕਰਨ ਦਾ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਤਫਤੀਸ਼ੀ ਅਫਸਰ ਸਬ-ਇੰਸਪੈਕਟਰ ਸੁਰਜੀਤ ਸਿੰਘ ਥਾਣਾ ਸਦਰ ਨੇ ਇਸ ਸਬੰਧੀ ਆਖਿਆ ਕਿ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹਿਰਾਸਤ’ਚ ਲੈਣ ਲਈ ਯਤਨ ਆਰੰਭ ਦਿੱਤੇ ਹਨ।