ਸ੍ਰੀਲੰਕਾ ਦੀ ਜਲ ਸੈਨਾ ਵੱਲੋਂ 12 ਭਾਰਤੀ ਮਛੇਰੇ ਗ੍ਰਿਫ਼ਤਾਰ
ਕੋਲੰਬੋ, 27 ਅਕਤੂਬਰ
ਸ੍ਰੀਲੰਕਾ ਦੀ ਜਲ] ਸੈਨਾ ਨੇ ਸਮੁੰਦਰ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ਹੇਠ ਭਾਰਤ ਦੇ 12 ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੀਆਂ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਹਨ। ਸ੍ਰੀਲੰਕਾ ਦੀ ਜਲ ਸੈਨਾ ਵੱਲੋਂ 12 ਹੋਰ ਮਛੇਰਿਆਂ ਦੀ ਗ੍ਰਿਫ਼ਤਾਰੀ ਨਾਲ ਇਸ ਸਾਲ ਅਜਿਹੀਆਂ ਘਟਨਾਵਾਂ ਵਿੱਚ ਫੜੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ ਵਧ ਕੇ 462 ਹੋ ਗਈ ਹੈ। ਸ੍ਰੀਲੰਕਾ ਦੀ ਜਲ ਸੈਨਾ ਨੇ ਇੱਕ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉੱਤਰੀ ਸੂਬੇ ਜਾਫ਼ਨਾ ਦੇ ਪੁਆਇੰਟ ਪੇਡਰੋ ਤੱਟ ਤੋਂ ਉਨ੍ਹਾਂ ਦੀਆਂ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਗਈਆਂ ਹਨ। ਬਿਆਨ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ 12 ਮਛੇਰਿਆਂ ਨੂੰ ਕਾਂਕੇਸੰਥੂਰਾਈ ਬੰਗਰਗਾਹ ਲਿਜਾਇਆ ਗਿਆ ਅਤੇ ਅਗਲੇਰੀ ਕਾਰਵਾਈ ਲਈ ਉਨ੍ਹਾਂ ਨੂੰ ਮੈਲਾਡੀ ਫਿਸ਼ਰੀਜ਼ ਇੰਸਪੈਕਟਰ ਨੂੰ ਸੌਂਪ ਦਿੱਤਾ ਜਾਵੇਗਾ। ਬਿਆਨ ਵਿੱਚ ਕਿਹਾ ਗਿਆ ਕਿ ਸ੍ਰੀਲੰਕਾ ਦੀ ਜਲ ਸੈਨਾ ਨੇ 2024 ਵਿੱਚ ਹੁਣ ਤੱਕ ਟਾਪੂ ਦੇ ਸਮੁੰਦਰੀ ਖੇਤਰ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ਹੇਠ 462 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੀਆਂ 62 ਕਿਸ਼ਤੀਆਂ ਜ਼ਬਤ ਕੀਤੀਆਂ ਹਨ। ਇਸ ਵਿੱਚ ਕਿਹਾ ਗਿਆ ਕਿ ਕਾਨੂੰਨੀ ਕਾਰਵਾਈ ਲਈ ਮਛੇਰਿਆਂ ਨੂੰ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਸ੍ਰੀਲੰਕਾ ਦੇ ਮੱਛੀ ਪਾਲਣ ਮੰਤਰਾਲੇ ਨੇ ਕਿਹਾ ਕਿ 12 ਮੈਂਬਰੀ ਭਾਰਤੀ ਟੀਮ ਦੋਵਾਂ ਦੇਸ਼ਾਂ ਵਿਚਾਲੇ ਵਾਰ-ਵਾਰ ਪੈਦਾ ਹੋਣ ਵਾਲੀ ਸਮੱਸਿਆ (ਮਛੇਰਿਆਂ ਵੱਲੋਂ
ਮੱਛੀ ਫੜਨ) ’ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਇੱਥੇ ਪਹੁੰਚੇਗੀ। ਦੋਵਾਂ ਦੇਸ਼ਾਂ ਦੇ ਮਛੇਰਿਆਂ ਨੂੰ ਅਣਜਾਣੇ ਵਿੱਚ ਇੱਕ-ਦੂਜੇ ਦੇ ਸਮੁੰਦਰੀ ਖੇਤਰ ਵਿੱਚ ਦਾਖ਼ਲਾ ਕਰਨ ਕਾਰਨ ਅਕਸਰ ਗ੍ਰਿਫ਼ਤਾਰ ਕੀਤਾ ਜਾਂਦਾ ਹੈ। -ਪੀਟੀਆਈ