ਨਗਰ ਕੌਂਸਲ ਮਾਛੀਵਾੜਾ ’ਚ ਕਾਂਗਰਸ ਵੱਲੋਂ 12 ਉਮੀਦਵਾਰਾਂ ਦਾ ਐਲਾਨ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਦਸੰਬਰ
ਨਗਰ ਕੌਂਸਲ ਮਾਛੀਵਾੜਾ ’ਚੋਂ ਕਾਂਗਰਸ ਪਾਰਟੀ ਨੇ ਅੱਜ ਪਹਿਲੀ ਸੂਚੀ ਜਾਰੀ ਕਰਦਿਆਂ 15 ਵਾਰਡਾਂ ’ਚੋਂ 12 ਉਮੀਦਵਾਰ ਐਲਾਨ ਦਿੱਤੇ ਹਨ। ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਜੋ ਕਿ ਚੋਣ ਕਮੇਟੀ ਦੇ ਚੇਅਰਮੈਨ ਹਨ, ਉਨ੍ਹਾਂ ਨੇ ਆਪਣੀ ਕਮੇਟੀ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਵਾਰਡ ਨੰਬਰ-1 (ਐੱਸਸੀ ਔਰਤ ਲਈ ਰਾਖਵਾਂ) ’ਚੋਂ ਰਾਜਵਿੰਦਰ ਕੌਰ, ਵਾਰਡ ਨੰਬਰ-2 ਜਨਰਲ ਤੋਂ ਹਰਚੰਦ ਸਿੰਘ ਸਾਬਕਾ ਕੌਂਸਲਰ, ਵਾਰਡ ਨੰਬਰ-3 (ਐੱਸਸੀ ਔਰਤ ਲਈ) ਪਰਮਜੀਤ ਕੌਰ, ਵਾਰਡ ਨੰਬਰ-4 (ਐੱਸਸੀ) ਤੋਂ ਸਾਬਕਾ ਕੌਂਸਲਰ ਸੁਰਿੰਦਰ ਛਿੰਦੀ, ਵਾਰਡ ਨੰਬਰ 6 (ਜਨਰਲ) ਤੋਂ ਮਨਜੀਤ ਕੁਮਾਰੀ, ਵਾਰਡ ਨੰਬਰ 7 (ਜਨਰਲ ਔਰਤ) ਤੋਂ ਬਲਵੀਰ ਕੌਰ, ਵਾਰਡ ਨੰਬਰ-8 (ਪੱਛੜੀਆਂ ਸ਼੍ਰੇਣੀਆਂ) ਲਈ ਰਾਖਵਾਂ ਤੋਂ ਸਾਬਕਾ ਕੌਂਸਲਰ ਉਪਿੰਦਰ ਸ਼ਰਮਾ, ਵਾਰਡ ਨੰਬਰ 9 (ਔਰਤਾਂ ਲਈ ਰਾਖਵਾਂ) ਤੋਂ ਪਰਮਜੀਤ ਕੌਰ, ਵਾਰਡ ਨੰਬਰ-10 (ਜਨਰਲ) ਤੋਂ ਸੁਖਦੀਪ ਸਿੰਘ ਸੋਨੀ ਅਤੇ ਵਾਰਡ ਨੰਬਰ-15 (ਐੱਸਸੀ) ਤੋਂ ਸਾਬਕਾ ਕੌਂਸਲਰ ਪਰਮਜੀਤ ਪੰਮੀ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 5, 11 ਅਤੇ 14 ਤੋਂ ਉਮੀਦਵਾਰਾਂ ਦੇ ਨਾਮ ਐਲਾਨਣ ਲਈ ਪਾਰਟੀ ਨੂੰ ਕਾਫ਼ੀ ਕਸਮਕਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਭਲਕੇ ਇੱਥੋਂ ਵੀ ਉਮੀਦਵਾਰ ਐਲਾਨ ਦਿੱਤੇ ਜਾਣਗੇ। ਨਗਰ ਕੌਂਸਲ ਸਮਰਾਲਾ ਦੇ ਵਾਰਡ ਨੰਬਰ 12 ਤੋਂ ਵੀ ਕੌਂਸਲਰ ਦੀ ਚੋਣ ਹੋ ਰਹੀ ਹੈ ਜਿੱਥੇ ਕਿ ਕਾਂਗਰਸ ਨੇ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੇਂ ਤੋਂ ਹਰਦੇਵ ਸਿੰਘ ਦੇਵੀ ਨੂੰ ਉਮੀਦਵਾਰ ਐਲਾਨਿਆ ਹੈ।
ਇਸ ਵਾਰ ਪ੍ਰਧਾਨਗੀ ਐੱਸਸੀ ਔਰਤ ਲਈ ਰਾਖਵੀਂ ਰੱਖਣ ਦੀ ਚਰਚਾ
ਸਥਾਨਕ ਨਗਰ ਕੌਂਸਲ ਚੋਣਾਂ ਸਬੰਧੀ ਚੋਣ ਮੈਦਾਨ ਪੂਰੀ ਤਰ੍ਹਾਂ ਭਖਦਾ ਨਜ਼ਰ ਆ ਰਿਹਾ ਹੈ ਅਤੇ ਚੋਣ ਲੜਨ ਵਾਲੀਆਂ ਸਿਆਸੀ ਪਾਰਟੀਆਂ ਦੇ ਕਈ ਆਗੂ ਅਜਿਹੇ ਹਨ ਜਿਹੜੇ ਪ੍ਰਧਾਨਗੀ ਵਾਲੀ ਕੁਰਸੀ ’ਤੇ ਬੈਠਣ ਦੇ ਸੁਪਨੇ ਲੈ ਰਹੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਪ੍ਰਧਾਨ ਦੀ ਕੁਰਸੀ ’ਤੇ ਬੈਠਣ ਲਈ ਸਿਆਸੀ ਜੋੜ ਤੋੜ ਵੀ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਇਸ ਵਾਰ ਨਗਰ ਕੌਂਸਲ ਦੀ ਪ੍ਰਧਾਨ ਐੱਸਸੀ ਔਰਤ ਬਣੇਗੀ। ਮਾਛੀਵਾੜਾ ਨਗਰ ਕੌਂਸਲ ਦੇ ਪਿਛਲੇ ਇਤਿਹਾਸ ’ਤੇ ਝਾਤ ਮਾਰੀਏ ਤਾਂ 5 ਵਾਰ ਹੋਈਆਂ ਚੋਣਾਂ ਦੌਰਾਨ ਹਮੇਸ਼ਾ ਪੁਰਸ਼ ਜਨਰਲ ਹੀ ਪ੍ਰਧਾਨ ਬਣਦਾ ਆ ਰਿਹਾ ਹੈ। ਨਗਰ ਕੌਂਸਲ ਚੋਣਾਂ ਦੇ ਵਾਰਡਾਂ ਦੀ ਤਾਂ ਹਰੇਕ ਵਾਰ ਰਾਖਵਾਂਕਰਨ ਹੋਇਆ ਹੈ ਪਰ ਪ੍ਰਧਾਨ ਪੁਰਸ਼ ਬਣਨ ਕਾਰਨ ਚੋਣ ਲੜਨ ਵਾਲੇ ਸਿਆਸੀ ਆਗੂਆਂ ਨੂੰ ਲੱਗਦਾ ਸੀ ਕਿ ਇਸ ਵਾਰ ਵੀ ਪ੍ਰਧਾਨਗੀ ਜਨਰਲ ਹੋਵੇਗੀ ਅਤੇ ਉਹ ਇਸ ਅਹੁਦਾ ਦਾ ਨਿੱਘ ਮਾਣ ਸਕਣਗੇ। ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨਗੀ ਇਸ ਵਾਰ ਐੱਸਸੀ ਔਰਤ ਲਈ ਰਾਖਵੀਂ ਰੱਖੀ ਗਈ ਹੈ ਪਰ ਇਸ ਸਬੰਧੀ ਕੋਈ ਨੋਟੀਫਿਕੇਸ਼ਨ ਤਾਂ ਜਾਰੀ ਨਹੀਂ ਹੋਇਆ ਅਤੇ ਜੇਕਰ ਇਹ ਸੱਚ ਹੋਇਆ ਤਾਂ ਮਾਛੀਵਾੜਾ ਦੀ ਸਿਆਸਤ ਦੇ ਸਾਰੇ ਸਮੀਕਰਨ ਹੀ ਬਦਲ ਜਾਣਗੇ।