12ਵੀਂ ਦਾ ਨਤੀਜਾ: ਸੂਬੇ ਭਰ ’ਚ ਇਤਿਹਾਸ ਦੇ ਵਿਸ਼ੇ ’ਚੋਂ 7891 ਵਿਦਿਆਰਥੀ ਫੇਲ੍ਹ
ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਮਈ
ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਬੀਤੇ ਦਿਨੀਂ 12ਵੀਂ ਜਮਾਤ ਦੇ ਕੱਢੇ ਨਤੀਜੇ ਵਿੱਚ ਭਾਵੇਂ ਲੁਧਿਆਣਾ ਦੇ ਸਭ ਤੋਂ ਵੱਧ ਵਿਦਿਆਰਥੀ ਮੈਰਿਟ ਸੂਚੀ ਵਿੱਚ ਆਏ ਪਰ ਪਾਸ ਪ੍ਰਤੀਸ਼ਤ ਵਿੱਚ ਲੁਧਿਆਣਾ ਸੂਬੇ ਵਿੱਚੋਂ 21ਵੇਂ ਸਥਾਨ ’ਤੇ ਰਿਹਾ ਹੈ। ਇਸੇ ਤਰ੍ਹਾਂ ਸੂਬੇ ਭਰ ਵਿੱਚ ਹਿਸਟਰੀ ਦੇ ਵਿਸ਼ੇ ਵਿੱਚੋਂ ਸਭ ਤੋਂ ਵੱਧ 7891 ਵਿਦਿਆਰਥੀ ਫੇਲ੍ਹ ਹੋਏ ਹਨ। ਕਈ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਪੇਪਰ ਔਖਾ ਸੀ ਪਰ ਇਤਿਹਾਸ ਵਿਸ਼ੇ ਵਿੱਚੋਂ ਇੰਨੇ ਵਿਦਿਆਰਥੀਆਂ ਦਾ ਫੇਲ੍ਹ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ।
ਬੋਰਡ ਵੱਲੋਂ 12ਵੀਂ ਜਮਾਤ ਦੇ 290 ਵਿਦਿਆਰਥੀਆਂ ਦੀ ਮੈਰਿਟ ਸੂਚੀ ਐਲਾਨੀ ਗਈ ਹੈ। ਇਸ ਵਿੱਚ 55 ਵਿਦਿਆਰਥੀ ਮੈਰਿਟ ਵਿੱਚ ਆਉਣ ’ਤੇ ਲੁਧਿਆਣਾ ਜ਼ਿਲ੍ਹਾ ਪਹਿਲੇ ਸਥਾਨ ’ਤੇ ਆਇਆ ਹੈ। ਪਰ ਦੂਜੇ ਪਾਸੇ ਪਾਸ ਪ੍ਰਤੀਸ਼ਤ ਵਿੱਚ ਲੁਧਿਆਣਾ ਸੂਬੇ ਦੇ 23 ਜ਼ਿਲਿ੍ਹਆਂ ਵਿੱਚੋਂ 21ਵੇਂ ਸਥਾਨ ਤੱਕ ਹੇਠਾਂ ਖਿਸਕ ਗਿਆ ਹੈ। ਲੁਧਿਆਣਾ ਜ਼ਿਲ੍ਹੇ ’ਚ ਕੁੱਲ 32, 800 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਇੰਨਾਂ ਵਿੱਚੋਂ 28535 ਵਿਦਿਆਰਥੀ ਪਾਸ ਹੋਏ ਜਦਕਿ 4265 ਵਿਦਿਆਰਥੀ ਫੇਲ੍ਹ/ਕੰਪਾਰਟਮੈਂਟ ਵਾਲੇ ਹਨ। ਇਸ ਤਰ੍ਹਾਂ ਲੁਧਿਆਣਾ ਜ਼ਿਲ੍ਹੇ ’ਚ ਪਾਸ ਪ੍ਰਤੀਸ਼ਤ 87 ਫੀਸਦੀ ਬਣਦਾ ਹੈ ਜਦਕਿ ਪਹਿਲੇ ਸਥਾਨ ’ਤੇ ਆਏ ਜ਼ਿਲ੍ਹੇ ਅੰਮ੍ਰਿਤਸਰ ਦਾ ਪਾਸ ਪ੍ਰਤੀਸ਼ਤ 96.29 ਰਿਹਾ ਹੈ। ਇਸੇ ਤਰ੍ਹਾਂ ਹਿਸਟਰੀ ਦੇ ਵਿਸ਼ੇ ਵਿੱਚੋਂ ਵੀ ਬਹੁਤੇ ਵਿਦਿਆਰਥੀ ਫੇਲ੍ਹ ਹੋਏ ਹਨ। ਜੇਕਰ ਪ੍ਰਾਪਤ ਵੇਰਵੇ ’ਤੇ ਝਾਤ ਮਾਰੀਏ ਤਾਂ ਸੂਬੇ ਵਿੱਚ 1,17,113 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿੱਚੋਂ 1,09,222 ਵਿਦਿਆਰਥੀ ਪਾਸ ਹੋਏ ਜਦਕਿ 7891 ਵਿਦਿਆਰਥੀ ਹਿਸਟਰੀ ਵਿੱਚੋਂ ਫੇਲ੍ਹ ਹੋਏ ਹਨ। ਇਸ ਸਬੰਧੀ 12ਵੀਂ ਦੇ ਕਈ ਵਿਦਿਆਰਥੀਆਂ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਪੇਪਰ ਔਖਾ ਸੀ, ਕਈ ਵਿਦਿਆਰਥੀਆਂ ਨੇ ਪੇਪਰ ਸਿਲੇਬਸ ਦੇ ਬਾਹਰੋਂ ਆਉਣ ਦੀ ਗੱਲ ਆਖੀ ਹੈ। ਦੂਜੇ ਪਾਸੇ ਹਿਸਟਰੀ ਵਿੱਚੋਂ ਇੰਨੇ ਵਿਦਿਆਰਥੀਆਂ ਦਾ ਫੇਲ੍ਹ ਹੋਣਾ ਇਹ ਦਰਸਾਉਂਦਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਇਤਿਹਾਸ ਤੋਂ ਦੂਰ ਹੋ ਰਹੀ ਹੈ ਜਿਸ ਵੱਲ ਧਿਆਨ ਦੇਣਾ ਸਮੇਂ ਦੀ ਮੰਗ ਹੈ। ਉਰਦੂ ਵਿੱਚ ਸੂਬੇ ਤੋਂ 141 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਇਹ ਸਾਰੇ ਹੀ ਪਾਸ ਹੋਏ ਹਨ। ਦੂਜੇ ਪਾਸੇ ਸੰਸਕ੍ਰਿਤ ਦੇ 159 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿੱਚੋਂ 135 ਵਿਦਿਆਰਥੀ ਹੀ ਪਾਸ ਹੋਏ ਹਨ। ਅੰਗਰੇਜ਼ੀ ਵਿਸ਼ੇ ਦਾ ਪੇਪਰ 2,65,388 ਵਿਦਿਆਰਥੀਆਂ ਨੇ ਦਿੱਤਾ ਅਤੇ 2,55,114 ਵਿਦਿਆਰਥੀ ਪਾਸ ਹੋਏ ਜਦਕਿ 10,274 ਵਿਦਿਆਰਥੀ ਫੇਲ੍ਹ ਹੋ ਗਏ।