ਗੁਰੂ ਨਾਨਕ ਦੇਵ ’ਵਰਸਿਟੀ ਦਾ ਦੇਸ਼ ਭਰ ਵਿੱਚੋਂ 11ਵਾਂ ਰੈਂਕ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 30 ਜੁਲਾਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇੰਡੀਆ ਟੂਡੇ ਐੱਮਡੀਆਰਏ ਯੂਨੀਵਰਸਿਟੀ ਰੈਂਕਿੰਗ 2024 ਵਿੱਚ ਭਾਰਤ ਦੀਆਂ ਚੋਟੀ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚੋਂ 11ਵਾਂ ਰੈਂਕ ਪ੍ਰਦਾਨ ਕੀਤਾ ਗਿਆ ਹੈ। ਯੂਨੀਵਰਸਿਟੀ ਨੂੰ ਪ੍ਰਦਾਨ ਕੀਤੀ ਗਈ ਇਹ ਰੈਂਕਿੰਗ ਯੂਨੀਵਰਸਿਟੀ ਦੀ ਰਾਸ਼ਟਰੀ ਸਿੱਖਿਆ ਨੀਤੀ ਅਨੁਸਾਰ ਵਿਦਿਆਰਥੀਆਂ ਦੀ ਖੋਜ ਅਤੇ ਸੰਪੂਰਨ ਵਿਕਾਸ, ਸਿੱਖਿਆ ਵਿੱਚ ਉੱਤਮਤਾ ਤੇ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।
ਇੰਡੀਆ ਟੂਡੇ ਯੂਨੀਵਰਸਿਟੀ ਰੈਂਕਿੰਗ ਅਕਾਦਮਿਕ ਪ੍ਰਤਿਸ਼ਠਾ, ਬੁਨਿਆਦੀ ਢਾਂਚਾ, ਫੈਕਲਟੀ ਗੁਣਵੱਤਾ, ਖੋਜ ਆਊਟਪੁੱਟ ਅਤੇ ਧਾਰਨਾ ਸਮੇਤ ਮਾਪਦੰਡਾਂ ’ਤੇ ਸੰਸਥਾਵਾਂ ਦਾ ਮੁਲਾਂਕਣ ਕਰਦੀ ਹੈ। ਯੂਨੀਵਰਸਿਟੀ ਦੀ ਇਹ ਪ੍ਰਭਾਵਸ਼ਾਲੀ ਦਰਜਾਬੰਦੀ ਇਨ੍ਹਾਂ ਖੇਤਰਾਂ ਵਿੱਚ ਯੂਨੀਵਰਸਿਟੀ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ। ਯੂਨੀਵਰਸਿਟੀ ਦੀ ਫੈਕਲਟੀ ਨੇ ਵਿਗਿਆਨ, ਤਕਨਾਲੋਜੀ ਅਤੇ ਸਮਾਜਿਕ ਵਿਗਿਆਨ ਵਿੱਚ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਜਿਸ ਦਾ ਪ੍ਰਮਾਣ ਗੁਰੂ ਨਾਨਕ ਦੇਵ ਯੂਨਵਿਰਸਿਟੀ ਦਾ ਮੌਜੂਦਾ ਐੱਚ-ਇੰਡੈਕਸ 150 ਹੈ।
ਯੂਨੀਵਰਸਿਟੀ ਵੱਲੋਂ ਵੱਖ ਵੱਖ ਖੇਤਰਾਂ ਵਿਚ ਖਾਸ ਕਰਕੇ ਪਿਛਲੇ 7 ਸਾਲਾਂ ਤੋਂ ਕੀਤੀਆਂ ਪ੍ਰਾਪਤੀਆਂ ਯੂਨੀਵਰਸਿਟੀ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਅਤੇ ਉਨ੍ਹਾਂ ਦੇ ਵਿਆਪਕ ਯਤਨਾਂ ਦਾ ਨਤੀਜਾ ਹੈ। ਯੂਨੀਵਰਸਿਟੀ ਵੱਲੋਂ ਜਿਥੇ ਖੋਜ ਅਤੇ ਅਕਾਦਮਿਕ ਖੇਤਰਾਂ ਵਿੱਚ ਮੱਲਾਂ ਮਾਰੀਆਂ ਗਈਆਂ ਹਨ, ਉੱਥੇ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਵਾਂ ਪੱਧਰਾਂ ‘ਤੇ ਖੇਡਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਭੂਮਿਕਾ ਬਾਕਮਾਲ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਇਨ੍ਹਾਂ ਪ੍ਰਾਪਤੀਆਂ ਤੋਂ ਇਲਾਵਾ ਯੂਨੀਵਰਸਿਟੀ ਨੂੰ ਚਾਰ ਵਿੱਚੋਂ 3.85 ਸੀ.ਜੀ.ਪੀ.ਏ. ਅਤੇ ਨੈਕ ਤੋਂ ‘ਏ++’ ਗ੍ਰੇਡ (ਉੱਚਤਮ ਪੱਧਰ) ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਯੂ.ਜੀ.ਸੀ. ਵੱਲੋਂ ਯੂਨੀਵਰਸਿਟੀ ਨੂੰ ‘ਯੂਨੀਵਰਸਿਟੀ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ’ ਦਾ ਦਰਜਾ ਵੀ ਦਿੱਤਾ ਹੋਇਆ ਹੈ।
ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਇਸ ਰੈਂਕਿੰਗ ਦੀ ਪ੍ਰਾਪਤੀ ਲਈ ਫੈਕਲਟੀ, ਵਿਦਿਆਰਥੀਆਂ ਅਤੇ ਪ੍ਰਸ਼ਾਸਨਿਕ ਵਿਭਾਗਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਯੂਨੀਵਰਸਿਟੀ ਦੇ ਹੋਰ ਚੰਗੇਰੇ ਭਵਿੱਖ ਦੀ ਆਸ ਪ੍ਰਗਟਾਈ ਹੈ।