ਚੰਡੀਗੜ੍ਹ ਵਿੱਚ ਕਰੋਨਾ ਦੇ 116 ਨਵੇਂ ਕੇਸ
ਪੱਤਰ ਪ੍ਰੇਰਕ
ਚੰਡੀਗੜ੍ਹ, 21 ਅਗਸਤ
ਚੰਡੀਗੜ੍ਹ ਵਿੱਚ ਅੱਜ 116 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਦਕਿ ਵਾਇਰਸ ਪੀੜਤ ਦੋ ਮਰੀਜ਼ਾਂ ਦੀ ਮੌਤ ਹੋਈ ਹੈ। ਮਰਨ ਵਾਲੇ ਮਰੀਜ਼ਾਂ ਵਿੱਚ ਸੈਕਟਰ 45 ਵਾਸੀ 67 ਸਾਲਾਂ ਦਾ ਵਿਅਕਤੀ ਅਤੇ ਪਿੰਡ ਬੁੜੈਲ ਵਾਸੀ 66 ਸਾਲਾਂ ਦੀ ਔਰਤ ਸ਼ਾਮਲ ਹੈ। ਦੋਵੇਂ ਮਰੀਜ਼ ਡਾਇਬਿਟੀਜ਼ ਟਾਈਪ-2 ਤੋਂ ਪੀੜਤ ਸਨ ਅਤੇ ਜੀ.ਐਮ.ਸੀ.ਐਚ.-32 ਵਿਚ ਇਲਾਜ ਅਧੀਨ ਸਨ। ਯੂ.ਟੀ. ਦੇ ਸਿਹਤ ਵਿਭਾਗ ਮੁਤਾਬਕ ਸ਼ਹਿਰ ਵਿੱਚ ਆਏ ਅੱਜ ਨਵੇਂ ਮਰੀਜ਼ ਸੈਕਟਰ 6, 7, 8, 14, 15, 19, 20, 21, 22, 23, 24, 25, 27, 28, 29, 32, 33, 35, 36, 37, 38, 39, 40, 41, 43, 44, 45, 46, 47, 48, 56, 38-ਵੈਸਟ, ਬਹਿਲਾਣਾ, ਬੁਟਰੇਲਾ, ਦੜੂਆ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਰਾਏਪੁਰ ਖੁਰਦ, ਡੱਡੂਮਾਜਰਾ, ਹੱਲੋਮਾਜਰਾ, ਮਨੀਮਾਜਰਾ, ਰਾਮਦਰਬਾਰ ਤੇ ਸਾਰੰਗਪੁਰ ਦੇ ਵਸਨੀਕ ਹਨ। ਇਸ ਤੋਂ ਇਲਾਵਾ ਅੱਜ 36 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਵੀ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 2631 ਹੋ ਗਈ ਹੈ ਤੇ ਹੁਣ ਤੱਕ 1426 ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਇਸੇ ਤਰ੍ਹਾਂ ਹੁਣ ਤੱਕ ਕੁੱਲ 33 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 1170 ਹੈ।
ਪੰਚਕੂਲਾ (ਪੀ.ਪੀ. ਵਰਮਾ) : ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਦੇ 57 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 75 ਸਾਲਾਂ ਦੇ ਵਿਅਕਤੀ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਤਰ੍ਹਾਂ ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 9 ਹੋ ਗਈ ਹੈ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਕਰੋਨਾ ਪਾਜ਼ੇਟਿਵ ਕੇਸ ਪੰਚਕੂਲਾ ਦੇ ਵੱਖ ਵੱਖ ਸੈਕਟਰਾਂ ਅਤੇ ਨੇੜਲੇ ਖੇਤਰਾਂ ਵਿੱਚੋਂ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲ੍ਹੇ ਵਿੱਚ 1427 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਮੁਹਾਲੀ ਜ਼ਿਲ੍ਹੇ ਵਿੱਚ 147 ਨਵੇਂ ਕੇਸ; ਇਕ ਮੌਤ
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ ਅੱਜ 147 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 2417 ਹੋ ਗਈ ਹੈ। ਵਾਇਰਸ ਕਾਰਨ ਅੱਜ ਇਕ ਔਰਤ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਮੁਬਾਰਕਪੁਰ ਦੀ 40 ਸਾਲਾਂ ਦੀ ਔਰਤ ਦੀ ਮੌਤ ਹੋਈ ਹੈ। ਅੱਜ ਜਿਹੜੇ ਮਾਮਲੇ ਸਾਹਮਣੇ ਆਏ ਹਨ ਊਨ੍ਹਾਂ ਵਿੱਚ ਮੁਹਾਲੀ ਸ਼ਹਿਰ ਅਤੇ ਆਸ ਪਾਸ ਇਲਾਕੇ ਦੇ 66 ਵਿਅਕਤੀ, ਖਰੜ ਵਿੱਚ 19, ਜ਼ੀਰਕਪੁਰ ਵਿੱਚ 13, ਡੇਰਾਬੱਸੀ ਵਿੱਚ 9, ਲਾਲੜੂ ਵਿੱਚ 8, ਘੜੂੰਆਂ ਬਲਾਕ ਦੇ ਦਿਹਾਤੀ ਖੇਤਰ ਵਿੱਚ ਤਿੰਨ, ਢਕੌਲੀ ਵਿੱਚ 15 ਅਤੇ ਕੁਰਾਲੀ ਵਿੱਚ 14 ਕੇਸ ਸ਼ਾਮਲ ਹਨ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 1116 ਨਵੇਂ ਕੇਸ ਐਕਟਿਵ ਹਨ। ਇਸੇ ਦੌਰਾਨ ਮੁਹਾਲੀ ਦੇ ਡੀਐੱਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।