ਬਠਿੰਡਾ ਵਿੱਚ 11,558 ਤੇ ਮਾਨਸਾ ’ਚ 5024 ਕੇਸਾਂ ਦਾ ਨਬਿੇੜਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 9 ਮਾਰਚ
ਜ਼ਿਲ੍ਹਾ ਕਚਹਿਰੀ ਬਠਿੰਡਾ, ਸਬ-ਡਵੀਜ਼ਨ ਫੂਲ ਅਤੇ ਤਲਵੰਡੀ ਸਾਬੋ ਵਿੱਚ ਅੱਜ ਕੌਮੀ ਲੋਕ ਅਦਾਲਤ ਲਾਈ ਗਈ। ਇਸ ਕੌਮੀ ਲੋਕ ਅਦਾਲਤ ਵਿਚ ਸਿਵਲ ਅਤੇ ਕਰਿਮੀਨਲ ਸਮੇਤ ਅਪੀਲ, ਬੈਂਕ ਰਿਕਵਰੀ ਕੇਸ, ਟਰੈਫਿਕ ਚਲਾਨਾਂ ਅਤੇ ਪ੍ਰੀ-ਲਿਟੀਗੇਟਿਵ ਕੇਸਾਂ ਨਾਲ ਸਬੰਧਿਤ ਕੇਸਾਂ ਦਾ ਨਬਿੇੜਾ ਕੀਤਾ ਗਿਆ। ਇਸ ਕੌਮੀ ਲੋਕ ਅਦਾਲਤ ਵਿਚ ਕੁੱਲ 20,047 ਕੇਸ ਲਗਾਏ ਗਏ ਅਤੇ 11,558 ਕੇਸਾਂ ਦਾ ਨਬਿੇੜਾ ਕੀਤਾ ਗਿਆ। ਇਸ ਦੌਰਾਨ 28 ਕਰੋੜ ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਸ ਕੌਮੀ ਲੋਕ ਅਦਾਲਤ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਬਠਿੰਡਾ ਕਾਲਜ ਆਫ ਲਾਅ ਕਾਲਜ ਦੇ ਵਿਦਿਆਰਥੀਆਂ ਦੀ ਮਦਦ ਨਾਲ ਹੈਲਪ ਡੈਕਸ ਲਗਾਇਆ ਗਿਆ, ਜੋ ਕੌਮੀ ਲੋਕ ਅਦਾਲਤ ਵਿੱਚ ਆਉਣ ਵਾਲੇ ਵਿਅਕਤੀਆਂ ਲਈ ਲਾਹੇਵੰਦ ਸਾਬਿਤ ਹੋਇਆ। ਇਸ ਦੌਰਾਨ ਸੁਰੇਸ਼ ਕੁਮਾਰ ਗੋਇਲ, ਸਿਵਲ ਜੱਜ ਸੀਨੀਅਰ ਡਵੀਜ਼ਨ/ਸੀ.ਜੇ.ਐਮ.-ਸਹਿਤ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕੌਮੀ ਲੋਕ ਅਦਾਲਤ ਲਾਈ ਜਾਂਦੀ ਹੈ। ਜੇ ਕਿਸੇ ਧਿਰ ਨੇ ਆਪਣਾ ਕੇਸ ਲੋਕ ਅਦਾਲਤ ਵਿਚ ਲਗਾਉਣਾ ਹੋਵੇ ਤਾਂ ਉਹ ਸਬੰਧਤ ਅਦਾਲਤ ਨੂੰ ਦਰਖਾਸਤ ਦੇ ਸਕਦਾ ਹੈ। ਲੋਕ ਅਦਾਲਤ ਦੇ ਫੈਸਲੇ ਨਾਲ ਦੋਵਾਂ ਧਿਰਾਂ ਦੀ ਜਿੱਤ ਹੁੰਦੀ ਹੈ ਅਤੇ ਇਸ ਦੇ ਫੈਸਲੇ ਨਾਲ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ।
ਮਾਨਸਾ (ਪੱਤਰ ਪ੍ਰੇਰਕ): ਇਸੇ ਤਰ੍ਹਾਂ ਮਾਨਸਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਕੋਰਟ ਕੰਪਲੈਕਸ ਮਾਨਸਾ, ਸਬ-ਡਵੀਜ਼ਨਲ ਕੋਰਟ ਕੰਪਲੈਕਸ ਸਰਦੂਲਗੜ੍ਹ ਤੇ ਬੁਢਲਾਡਾ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਦੌਰਾਨ ਮਾਨਸਾ ਵਿੱਚ ਸੱਤ ਅਤੇ ਬੁਢਲਾਡਾ ਤੇ ਸਰਦੂਲਗੜ੍ਹ ਵਿੱਚ ਇੱਕ-ਇੱਕ ਬੈਂਚ ਕਾਇਮ ਕੀਤਾ ਗਿਆ।
ਮਾਨਸਾ ਵਿੱਚ ਐਡੀਸ਼ਨਲ ਸੈਸ਼ਨ ਜੱਜ ਖੇਮ ਕਰਨ ਗੋਇਲ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਕਮਲ ਵਰਿੰਦਰ, ਸਿਵਲ ਜੱਜ ਪੁਸ਼ਪਿੰਦਰ ਸਿੰਘ, ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਗੁਰਜੀਤ ਕੌਰ ਢਿੱਲੋਂ, ਜੇਐੱਮਆਈਸੀ ਹਰਪ੍ਰੀਤ ਸਿੰਘ, ਚੇਅਰਮੈਨ ਪਰਮਾਨੈਂਟ ਲੋਕ ਅਦਾਲਤ ਰਾਜ ਪਾਲ ਸਿੰਘ ਤੇਜੀ, ਬੁਢਲਾਡਾ ਵਿੱਚ ਐਡੀਸ਼ਨਲ ਸਿਵਲ ਜੱਜ ਮਨੂੰ ਮਿੱਤੂ ਅਤੇ ਸਰਦੂਲਗੜ੍ਹ ਵਿੱਚ ਐਡੀਸ਼ਨਲ ਸਿਵਲ ਜੱਜ ਹਰਪ੍ਰੀਤ ਕੌਰ ਨਾਫਰਾ ਦੀ ਅਗਵਾਈ ਵਾਲੇ ਬੈਂਚਾਂ ਵੱਲੋਂ 5024 ਕੇਸਾਂ ਦਾ ਨਬਿੇੜਾ ਕੀਤਾ ਗਿਆ। ਇਨ੍ਹਾਂ ਬੈਂਚਾਂ ਵਿੱਚ ਐਡਵੋਕੇਟ ਹਰਪ੍ਰੀਤ ਸਿੰਘ, ਬੀਰਦਵਿੰਦਰ ਸਿੰਘ, ਕੁਲਜੀਤ ਕੌਰ, ਬਲਵੰਤ ਭਾਟੀਆ, ਅਤਿੰਦਰ ਸਿੰਘ, ਦਵਿੰਦਰ ਸਿੰਘ, ਗਗਨਦੀਪ ਸਿੰਘ, ਪਰਵਿੰਦਰ ਸਿੰਘ, ਐੱਸਐੱਸ ਵਿਰਕ, ਅਜੈ ਕੁਮਾਰ ਨਾਗਪਾਲ, ਟੇਕ ਚੰਦ ਸਿੰਗਲਾ, ਰਾਜਵਿੰਦਰ ਸਿੰਘ ਅਤੇ ਹੋਰ ਸ਼ਾਮਲ ਸਨ।
ਨਬਿੇੜੇ ਗਏ ਕੁੱਲ 5024 ਕੇਸਾਂ ਵਿੱਚ 19,76,37,730/- ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਜਿਲ੍ਹਾ ਅਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਵਿੱਚ ਲਾਭਪਾਤਰੀਆਂ ਨੇ ਚੰਗੀ ਦਿਲਚਸਪੀ ਦਿਖਾਈ ਹੈ। ਅੱਜ ਦੀ ਕੌਮੀ ਲੋਕ ਅਦਾਲਤ ਤੋਂ ਪਹਿਲਾਂ ਇਸ ਦੀ ਸਫਲਤਾ ਲਈ ਅਨੇਕਾਂ ਵੈਬੀਨਾਰ ਅਤੇ ਮੀਟਿੰਗਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ, ਜਿਸ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ।
ਬਰੇਟਾ (ਪੱਤਰ ਪ੍ਰੇਰਕ): ਸਥਾਨਕ ਪੁਲੀਸ ਸਟੇਸ਼ਨ ਵਿੱਚ ਥਾਣਾ ਮੁਖੀ ਬੂਟਾ ਸਿੰਘ ਦੀ ਅਗਵਾਈ ਹੇਠ ਪਿਛਲੀਆਂ ਪੈਂਡਿੰਗ ਪਈਆਂ ਦਰਖਾਸਤਾਂ ਦੇ ਨਬਿੇੜੇ ਸਬੰਧੀ ਕੈਂਪ ਲਗਾਇਆ ਗਿਆ, ਜਿਸ ਵਿੱਚ 26 ਦਰਖਾਸਤਾਂ ਦਾ ਨਬਿੇੜਾ ਆਪਸੀ ਸਮਝੌਤਿਆਂ ਤੇ ਸਹਿਮਤੀ ਨਾਲ ਕਰਵਾਇਆ ਗਿਆ। ਬੂਟਾ ਸਿੰਘ ਨੇ ਦੱਸਿਆ ਕਿ ਪੈਂਡਿੰਗ ਦਰਖਾਸਤਾਂ ਦੇ ਨਬਿੇੜੇ ਨਾਲ ਝਗੜਿਆਂ ਵਿੱਚ ਪਏ ਲੋਕਾਂ ਨੂੰ ਰਾਹਤ ਮਿਲਦੀ ਹੈ ਅਤੇ ਭਾਈਚਾਰਕ ਸਾਂਝ ਵਧਦੀ ਹੈ।
ਮੋਗਾ ’ਚ 20 ਬੈਂਚਾਂ ਨੇ ਸ਼ਿਕਾਇਤਾਂ ਸੁਣੀਆਂ
ਮੋਗਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਮੋਗਾ ਵਿੱਚ ਮੋਗਾ ਸਬ ਡਿਵੀਜ਼ਨ, ਮੋਗਾ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਗਵਾਈ ਹੇਠ ਨੈਸ਼ਨਲ ਲੋਕ ਅਦਾਲਤ ਲਾਈ ਗਈ। ਸੀਜੇਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਰੀਸ਼ ਕੁਮਾਰ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਵੱਖੋ-ਵੱਖਰੇ 20 ਬੈਂਚ ਬਣਾਏ ਗਏ। ਵੱਖ-ਵੱਖ ਬੈਂਚਾਂ ਵਿੱਚ ਕੁੱਲ 8934 ਕੇਸ ਰੱਖੇ ਗਏ ਸਨ ਜਿਨ੍ਹਾਂ ’ਚੋਂ 6009 ਪ੍ਰੀ-ਲਿਟੀਗੇਟਿਵ ਅਤੇ 829 ਪੈਂਡਿੰਗ ਕੇਸਾਂ ਦਾ ਮੌਕੇ ’ਤੇ ਆਪਸੀ ਰਜ਼ਾਮੰਦੀ ਨਾਲ ਨਬਿੇੜਾ ਕੀਤਾ ਗਿਆ ਅਤੇ ਕੁੱਲ 56 ਕਰੋੜ 57 ਲੱਖ ਰੁਪਏ ਦੇ ਐਵਾਰਡ ਪਾਸ ਕੀਤੇ ਗਏ।
ਸਿਰਸਾ ਵਿੱਚ 3932 ਕੇਸ ਸੁਲਝਾਏ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਪੰਚਕੂਲਾ ਦੀਆਂ ਹਦਾਇਤਾਂ ਅਨੁਸਾਰ ਕੋਰਟ ਕੰਪਲੈਕਸ ਸਿਰਸਾ ਵਿੱਚ ਕੌਮੀ ਲੋਕ ਅਦਾਲਤ ਲਾਈ ਗਈ ਜਿਸ ਵਿੱਚ 3932 ਕੇਸਾਂ ਦਾ ਨਬਿੇੜਾ ਕੀਤਾ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਨੁਰਾਧਾ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਕੁੱਲ 4110 ਕੇਸ ਰੱਖੇ ਗਏ, ਜਿਨ੍ਹਾਂ ’ਚੋਂ 3932 ਕੇਸਾਂ ਦਾ ਨਬਿੇੜਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਲਈ ਕੁੱਲ 6 ਬੈਂਚਾਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਤਿਨ ਕਿਨਰਾ, ਚੀਫ਼ ਜਸਟਿਸ ਫੈਮਿਲੀ ਕੋਰਟ ਸੁਮਿਤ ਗਰਗ ਤੇ ਹੋਰ ਸ਼ਾਮਲ ਸਨ।