ਕੈਂਪ ਵਿੱਚ 111 ਯੂਨਿਟ ਖੂਨ ਦਾਨ
ਖੇਤਰੀ ਪ੍ਰਤੀਨਿਧ
ਪਟਿਆਲਾ, 20 ਨਵੰਬਰ
ਯੂਨੀਵਰਸਲ ਵੈੱਲਫੇਅਰ ਕਲੱਬ ਪੰਜਾਬ, ਹਿਊਮਨ ਵੈਲਫੇਅਰ ਫਾਊਂਡੇਸ਼ਨ ਤੇ ਐੱਚਡੀਐੱਫਸੀ ਬੈਂਕ ਵੱਲੋਂ ਸਾਂਝੇ ਉਪਰਾਲੇ ਤਹਿਤ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਵਿਚ ਖੂਨਦਾਨ ਕੈਂਪ ਲਾਇਆ ਗਿਆ। ਮੁੱਖ ਪ੍ਰਬੰਧਕ ਹਰਦੀਪ ਸਨੌਰ ਦੀ ਅਗਵਾਈ ਅਤੇ ਡਾਕਟਰ ਐੱਮ ਰੂਪਰਾਏ ਦੀ ਦੇਖਰੇਖ ਹੇੇਠਲੇ ਇਸ ਕੈਂਪ ’ਚ 111 ਜਣਿਆਂ ਨੇ ਖੂਨਦਾਨ ਕੀਤਾ। ਜਿਨ੍ਹਾਂ ਦੀ ਹੌਸਲਾ ਅਫਜਾਈ ਲਈ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸੇਵਾਮੁਕਤ ਡੀਐੱਸਪੀ ਨਾਹਰ ਸਿੰਘ ਮਾਜਰੀ ਨੇ ਕੀਤੀ। ਉਂਜ ਇਸ ਕੈਂਪ ਦਾ ਉਦਘਾਟਨ ਬਲਵਿੰਦਰ ਸਿੰਘ ਤੇ ਸੁਰਿੰਦਰ ਕੁਮਾਰ ਸਨੌਰ ਨੇ ਖੁਦ ਖੂਨਦਾਨ ਕਰਕੇ ਕੀਤਾ। ਕਿਰਪਾਲ ਸਿੰਘ ਬਡੂੰਗਰ ਤੇ ਨਾਹਰ ਸਿੰਘ ਮਾਜਰੀ ਨੇ ਖੂਨਦਾਨੀਆਂ ਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ ਜਿਥੇ ਨਿੱਤ ਦਿਨ ਵਾਪਰਦੇ ਹਾਦਸਿਆਂ ਅਤੇ ਬਿਮਾਰੀਆਂ ਦੇ ਪ੍ਰਕੋਪ ਕਾਰਨ ਖੂਨ ਦੀ ਵਧੇਰੇ ਲੋੜ ਰਹਿੰਦੀ ਹੈ, ਉਸ ਵਕਤ ਅਜਿਹਾ ਉਪਰਾਲਾ ਕਰਨਾ ਸ਼ਲਾਘਾਯੋਗ ਹੈ। ਉਨ੍ਹਾਂ ਨੇ ਮਿਸ਼ਨ ਦੇ ਮੋਢੀਆਂ ਵਜੋਂ ਹਰਦੀਪ ਸਿੰਘ ਸਨੌਰ, ਅਵਤਾਰ ਸਿੰਘ ਬਲਬੇੜਾ ਤੇ ਟੀਮ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਖੂਨਦਾਨ ਕੈਂਪਾਂ ਦੀ ਇਹ ਲੜੀ ਚਲਾਈ ਹੋਈ ਹੈ।