ਨਿਰੰਕਾਰੀ ਭਵਨ ਵਿੱਚ ਕੈਂਪ ਦੌਰਾਨ 110 ਯੂਨਿਟ ਖੂਨ ਦਾਨ
ਫਰਿੰਦਰ ਗੁਲਿਆਨੀ
ਨਰਾਇਣਗੜ੍ਹ, 2 ਜੂਨ
ਸਥਾਨਕ ਨਿਰੰਕਾਰੀ ਸਤਿਸੰਗ ਭਵਨ ਵਿੱਚ ਅੱਜ ਇੱਥੇ ਖੂਨਦਾਨ ਕੈਂਪ ਲਗਾਇਆ ਗਿਆ। ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ 110 ਸ਼ਰਧਾਲੂਆਂ ਨੇ ਖੂਨ ਦਾਨ ਕੀਤਾ। ਕੈਂਪ ਦੀ ਸ਼ੁਰੂਆਤ ਸਥਾਨਕ ਸਰਪੰਚ ਰਵਿੰਦਰ ਸਿੰਘ ਰਾਣਾ ਨੇ ਕੀਤੀ। ਇਸ ਦੌਰਾਨ ਉਨ੍ਹਾਂ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ।
ਇਸ ਮੌਕੇ ਸ਼ਹਿਜ਼ਾਦਪੁਰ ਦੇ ਮੁਖੀ ਸਤੀਸ਼ ਕੁਮਾਰ ਨੇ ਕਿਹਾ ਕਿ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦਾ ਉਪਦੇਸ਼ ਹੈ ਕਿ ਮਨੁੱਖਤਾ ਦੀ ਭਲਾਈ ਲਈ ਜੋ ਵੀ ਸੇਵਾ ਕੀਤੀ ਜਾਂਦੀ ਹੈ, ਉਸ ਨੂੰ ਤਨਦੇਹੀ ਅਤੇ ਨਿਰਸਵਾਰਥਤਾ ਨਾਲ ਕਰਨੀ ਚਾਹੀਦੀ ਹੈ। ਜਦੋਂ ਖੂਨਦਾਨ ਵਰਗੀ ਸੇਵਾ ਸਵੈ-ਇੱਛਾ ਅਤੇ ਨਿਰਸਵਾਰਥ ਭਾਵਨਾ ਨਾਲ ਕੀਤੀ ਜਾਂਦੀ ਹੈ ਤਾਂ ਅਜਿਹੀ ਸੇਵਾ ਮਨੁੱਖਤਾ ਲਈ ਵਰਦਾਨ ਸਾਬਤ ਹੁੰਦੀ ਹੈ। ਸਥਾਨਕ ਮੁਖੀ ਸਤੀਸ਼ ਨੇ ਸਰਪੰਚ ਰਵਿੰਦਰ ਸਿੰਘ, ਅੰਬਾਲਾ ਸਿਟੀ ਸਿਵਲ ਹਸਪਤਾਲ ਦੇ ਡਾਕਟਰ ਵਰਿੰਦਰ ਭਾਰਤੀ ਦੀ ਅਗਵਾਈ ਵਾਲੀ 20 ਮੈਂਬਰੀ ਟੀਮ, ਸਮੂਹ ਖੂਨਦਾਨੀਆਂ ਅਤੇ 20 ਮੈਂਬਰੀ ਪ੍ਰਬੰਧਕੀ ਟੀਮ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਕਿਰਪਾ ਸਦਕਾ ਸਮੂਹ ਸੰਗਤ ਬਾਬਾ ਹਰਦੇਵ ਸਿੰਘ ਜੀ ਦੇ ਕਥਨ ‘ਇਨਸਾਨ ਦਾ ਖੂਨ ਨਾਲੀਆਂ ’ਚ ਨਹੀਂ, ਨਾੜੀਆਂ ’ਚ ਵਹਿਣਾ ਚਾਹੀਦਾ ਹੈ’ ’ਤੇ ਪੂਰਾ ਉਤਰ ਰਿਹਾ ਹੈ। ਨਿਰੰਕਾਰੀ ਮਿਸ਼ਨ ਦੀ ਅੰਬਾਲਾ ਸ਼ਾਖਾ ਦੇ ਮੀਡੀਆ ਅਸਿਸਟੈਂਟ ਨਰਿੰਦਰ ਨਾਗੀ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ 1986 ਤੋਂ ਲਗਾਤਾਰ ਖੂਨਦਾਨ ਕੈਂਪ ਲਗਾ ਰਿਹਾ ਹੈ ਅਤੇ ਹੁਣ ਤੱਕ ਲਗਪਗ 8378 ਖੂਨਦਾਨ ਕੈਂਪ ਲਗਾ ਕੇ 13,65,547 ਯੂਨਿਟ ਖੂਨ ਇਕੱਠਾ ਕਰ ਚੁੱਕਾ ਹੈ।