ਨਕਲੀ ਡੀਏਪੀ ਖਾਦ ਦੀਆਂ 110 ਬੋਰੀਆਂ ਬਰਾਮਦ
08:46 AM Sep 20, 2024 IST
ਗੁਰਪ੍ਰੀਤ ਦੌਧਰ
ਅਜੀਤਵਾਲ, 19 ਸਤੰਬਰ
ਜ਼ਿਲ੍ਹੇ ਵਿੱਚ ਡੀਏਪੀ ਦੀ ਕਿੱਲਤ ਦੌਰਾਨ ਖਾਦ ਦੀ ਕਥਿਤ ਕਾਲਾਬਾਜ਼ੀ ਜ਼ੋਰਾਂ ’ਤੇ ਚੱਲ ਰਹੀ ਹੈ। ਪਿੰਡ ਦੌਧਰ ਸ਼ਰਕੀ ਦੇ ਕਿਸਾਨ ਕੁਲਵੰਤ ਸਿੰਘ ਨੇ 110 ਬੋਰੀਆਂ ਡੀਏਪੀ ਖਾਦ 1350 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਮੰਗਵਾਈ ਸੀ। ਖਾਦ ਦੀ ਜਾਂਚ ਕਰਨ ’ਤੇ ਇਹ ਨਕਲੀ ਹੋਣ ਦਾ ਸ਼ੱਕ ਹੋਇਆ। ਉਨ੍ਹਾਂ ਤੁਰੰਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਨੂੰ ਜਾਣਕਾਰੀ ਦਿੱਤੀ। ਇਸ ਮਗਰੋਂ ਬੀਕੇਯੂ ਉਗਰਾਹਾਂ ਦੀ ਇਕਾਈ ਦੌਧਰ ਸ਼ਰਕੀ ਦੇ ਮੈਂਬਰਾਂ ਨੇ ਖੇਤੀਬਾੜੀ ਮਹਿਕਮੇ ਦੇ ਜ਼ਿਲ੍ਹਾ ਅਫ਼ਸਰ ਜਸਵਿੰਦਰ ਸਿੰਘ ਬਰਾੜ ਨਾਲ ਸੰਪਰਕ ਕੀਤਾ। ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਕਿਸਾਨ ਦੇ ਖੇਤ ਪਹੁੰਚ ਕੇ ਖਾਦ ਦੇ ਸੈਂਪਲ ਲਏ ਗਏ। ਇਸ ਮੌਕੇ ਪਹੁੰਚੇ ਪੁਲੀਸ ਚੌਕੀ ਲੋਪੋ ਦੇ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਨਕਲੀ ਖਾਦ ਨਾਲ ਭਰੀਆਂ ਦੋ ਗੱਡੀਆਂ ਜ਼ਬਤ ਕਰਕੇ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
Advertisement
Advertisement