ਸਤਲੁਜ ’ਚੋਂ ਰੇਤਾ ਚੁੱਕਣ ਗਏ 11 ਜਣੇ ਪੁਲੀਸ ਨੇ ਡੁੱੁਬਣੋਂ ਬਚਾਏ
ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਨਵੰਬਰ
ਸਤਲੁਜ ਦਰਿਆ ਵਿੱਚ ਬੀਤੀ ਰਾਤ ਅਚਾਨਕ ਪਾਣੀ ਆ ਗਿਆ, ਜਿਸ ਦੌਰਾਨ ਰੇਤ ਭਰਨ ਗਏ 9 ਵਾਹਨਾਂ ਦੇ 11 ਡਰਾਈਵਰਾਂ ਤੇ ਕੰਡਕਟਰਾਂ ਨੂੰ ਥਾਣਾ ਕੋਟ ਈਸੇ ਖਾਂ ਅਧੀਨ ਚੌਕੀ ਕਮਾਲਕੇ ਦੇ ਪੁਲੀਸ ਮੁਲਾਜ਼ਮਾਂ ਨੇ ਬਾਹਰ ਕੱਢਿਆ। ਰੇਤ ਭਰਨ ਲਈ ਲਿਆਂਦੇ ਗਏ ਵਾਹਨ ਪਾਣੀ ਵਿੱਚ ਡੁੱਬੇ ਖੜ੍ਹੇ ਹਨ।
ਜ਼ਿਲ੍ਹਾ ਪੁਲੀਸ ਮੁਖੀ ਜੇ. ਇਲੈਨਚੇਜ਼ੀਅਨ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਵਾਹਨ ਚਾਲਕ ਗ਼ੈਰਕਾਨੂੰਨੀ ਮਾਈਨਿੰਗ ਕਰਨ ਤਾਂ ਨਹੀਂ ਸਨ ਗਏ? ਥਾਣਾ ਕੋਟ ਈਸੇ ਖਾਂ ਅਧੀਨ ਕਮਾਲਕੇ ਪੁਲੀਸ ਚੌਕੀ ਇੰਚਾਰਜ ਸੁਰਜੀਤ ਸਿੰਘ ਅਤੇ ਮੁੱਖ ਮੁਨਸ਼ੀ ਸਤਨਾਮ ਸਿੰਘ ਮੁਤਾਬਕ ਸਰਕਾਰ ਤੋਂ ਮਨਜ਼ੂਰਸ਼ੁਦਾ ਖੱਡ ਬਾਮੀਆਂ ਕਮਾਲਕੇ ਦੇ ਸੁਪਰਵਾਈਜ਼ਰ ਸਰਵਨ ਸਿੰਘ ਨੇ ਬਿਆਨ ਵਿੱਚ ਕਿਹਾ ਕਿ ਨਿਯਮਾਂ ਮੁਤਾਬਕ ਸ਼ਾਮ 5 ਵਜੇ ਖੱਡ ਬੰਦ ਕਰ ਦਿੱਤੀ ਜਾਂਦੀ ਹੈ। ਵਾਹਨ ਚਾਲਕ ਅਗਲੇ ਦਿਨ ਪਹਿਲਾਂ ਕਤਾਰ ਵਿੱਚ ਲੱਗਣ ਲਈ ਰਾਤ ਨੂੰ ਹੀ ਪੁੱਜ ਜਾਂਦੇ ਹਨ। ਪਾਣੀ ’ਚ ਫ਼ਸੇ ਵਾਹਨ ਚਾਲਕ ਵੀ ਰਾਤ ਨੂੰ ਹੀ ਪੁੱਜੇ ਅਤੇ ਦਰਿਆ ਵਿੱਚ ਅਚਾਨਕ ਪਾਣੀ ਆਉਣ ਨਾਲ ਉੱਥੇ ਤਾਇਨਾਤ ਚੌਕੀਦਾਰ ਨੇ ਵਾਹਨਾਂ ਵਿੱਚ ਸੁੱਤੇ ਪਏ ਡਰਾਈਵਰਾਂ, ਕੰਡਕਟਰਾਂ ਦੇ ਡੁੱਬਣ ਦੀ ਪੁਲੀਸ ਨੂੰ ਸੂਚਨਾ ਦਿੱਤੀ ਸੀ। ਪੁਲੀਸ ਨੇ ਗੋਤਾਖੋਰਾਂ ਦੀ ਮੱਦਦ ਨਾਲ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਪਰ ਵਾਹਨ ਪਾਣੀ ਵਿੱਚ ਡੁੱਬ ਗਏ।
ਉਧਰ, ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਈਨਿੰਗ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੀ ਹੋ ਸਕਦੀ ਹੈ, ਬਾਅਦ ਵਿੱਚ ਇਹ ਗ਼ੈਰਕਾਨੂੰਨੀ ਹੈ। ਮਾਈਨਿੰਗ ਵਿਭਾਗ ਅਧਿਕਾਰੀ ਐੱਸਡੀਓ ਲਵਪ੍ਰੀਤ ਸਿੰਘ ਨੇ ਰਾਤ ਨੂੰ ਮਾਈਨਿੰਗ ਨਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢੇ ਲੋਕ ਨਾਜਾਇਜ਼ ਮਾਈਨਿੰਗ ਲਈ ਨਹੀਂ ਗਏ ਸਨ। ਉੱਧਰ, ਜੇ ਮਾਈਨਿੰਗ ਅਧਿਕਾਰੀਆਂ ਦੀ ਰਾਤ ਨੂੰ ਮਾਈਨਿੰਗ ਨਾ ਹੋਣ ਦੀ ਗੱਲ ਮੰਨੀਏ ਤਾਂ ਰੇਤੇ ਨਾਲ ਭਰੇ ਟਿੱਪਰ ਅਤੇ ਟਰੱਕ ਸਵੇਰੇ 4 ਵਜੇ ਤੋਂ ਪਹਿਲਾਂ ਮੋਗਾ ਸ਼ਹਿਰ ਵਿੱਚ ਲੰਘਦੇ ਦੇਖੇ ਜਾਂਦੇ ਹਨ। ਇਹ ਟਰੱਕ ਲੋਹਾਰਾ ਚੌਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹਨ। ਜੇ ਟਰੱਕ ਦਿਨ ਤੋਂ ਪਹਿਲਾਂ 5 ਵਜੇ ਤੱਕ ਲੋਡ ਹੋ ਜਾਂਦੇ ਹਨ ਤਾਂ ਰਾਤ ਨੂੰ ਰੁਕਣ ਦਾ ਕੋਈ ਮਤਲਬ ਨਹੀਂ, ਜੇ ਰਾਤ ਨੂੰ ਲੋਡ ਨਹੀਂ ਹੁੰਦੇ ਤਾਂ ਸਵੇਰੇ 4 ਵਜੇ ਤੋਂ ਰੇਤ ਨਾਲ ਭਰੇ ਕਿਵੇਂ ਹੁੰਦੇ ਹਨ।