ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ 11 ਮੈਂਬਰ ਗ੍ਰਿਫਤਾਰ
ਅੰਮ੍ਰਿਤਸਰ (ਟਨਸ): ਪੁਲੀਸ ਨੇ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ 11 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 23 ਮੋਬਾਈਲ ਫੋਨ, ਪੰਜ ਮੋਟਰਸਾਈਕਲ, ਤਿੰਨ ਦਾਤਰ, ਕਿਰਪਾਨਾਂ, ਬੇਸਬੈਟ ਤੇ ਹੋਰ ਹਥਿਆਰ ਬਰਾਮਦ ਕੀਤੇ ਹਨ। ਏਡੀਸੀਪੀ ਦਰਪਨ ਆਲੂਵਾਲੀਆ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖਤ ਮਨਵੀਰ ਬਾਵਾ ਉਰਫ ਬਾਵਾ, ਵਿਸ਼ਾਲ ਮਹਿਰਾ ਉਰਫ ਭੂਤ, ਪ੍ਰਭਜੋਤ ਸਿੰਘ ਉਰਫ ਪ੍ਰਭ, ਕਰਨ ਉਰਫ ਪਿੱਚੂ, ਹਿਮਾਸ਼ੂ ਕੁਮਾਰ, ਲਵ ਸ਼ਰਮਾ, ਨਿਤੀਸ਼, ਰਾਹੁਲ, ਰਾਘਵ, ਗੁਰਦਿਆਲ ਸਿੰਘ ਉਰਫ ਗਗਨ ਵਜੋਂ ਹੋਈ ਹੈ ਅਤੇ ਇਨ੍ਹਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਵਧੇਰੇ 19 ਤੋਂ 21 ਸਾਲ ਦੇ ਨੌਜਵਾਨ ਹਨ। ਇਸ ਗਰੋਹ ਦਾ ਮੁਖੀ ਮਨਵੀਰ ਬਾਵਾ ਹੈ। ਇਨ੍ਹਾਂ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਪਿੰਕ ਪਲਾਜ਼ਾ, ਰਣਜੀਤ ਐਵੀਨਿਊ, ਇਸਲਾਮਾਬਾਦ, ਘਨੂਪੁਰ ਕਾਲੇ, ਤਾਰਾਂ ਵਾਲਾ ਪੁੱਲ, ਭਗਤਾਂ ਵਾਲਾ ਦਾਣਾ ਮੰਡੀ, ਗੁਰੂ ਨਾਨਕਪੁਰਾ, ਪੁਤਲੀ ਘਰ ਆਦਿ ਇਲਾਕਿਆਂ ਵਿੱਚ ਰਾਤ ਵੇਲੇ 30 ਤੋਂ ਵੱਧ ਘਟਨਾਵਾਂ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਾਤ ਵੇਲੇ ਘਰ ਪਰਤ ਰਹੇ ਦੁਕਾਨਦਾਰਾਂ ਅਤੇ ਹੋਰ ਮੋਟਰਸਾਈਕਲ ਸਵਾਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਮਨਵੀਰ ਬਾਵਾ, ਵਿਸ਼ਾਲ ਮਹਿਰਾ, ਕਰਨ, ਰਾਹੁਲ, ਰਾਗਵ ਅਤੇ ਗੁਰਦਿਆਲ ਸਿੰਘ ਦੇ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ।