ਲੁਟੇਰਾ ਗਰੋਹ ਦੇ 11 ਮੈਂਬਰ ਅਸਲੇ ਸਣੇ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 5 ਜੂਨ
ਸੀਆਈਏ ਸਟਾਫ਼ ਨੇ ਨਸ਼ਾ ਤਸਕਰਾਂ, ਝਪਟਮਾਰਾਂ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੁਹਾਲੀ ਜ਼ਿਲ੍ਹੇ ਅੰਦਰ 100 ਤੋਂ ਵੱਧ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਸਮੇਤ ਵੱਖ-ਵੱਖ ਤਿੰਨ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ 11 ਲੁਟੇਰਿਆਂ ਅਤੇ ਨਸ਼ਾ ਤਸਕਰਾਂ ਨੂੰ ਨਾਜਾਇਜ਼ ਅਸਲੇ ਅਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਮੁਹਾਲੀ ਵਿਖੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਮੀਡੀਆ ਨਾਲ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਬਲੌਂਗੀ ਥਾਣੇ ਵਿੱਚ ਦਰਜ ਮਾਮਲੇ ਵਿੱਚ ਚਾਰ ਮੁਲਜ਼ਮਾਂ ਨਿਤਿਨ ਰਾਏ ਵਾਸੀ ਵਾਸੀ ਫੇਜ਼-1, ਮੁਹਾਲੀ ਅਤੇ ਬਲਜਿੰਦਰ ਸਿੰਘ ਉਰਫ਼ ਪ੍ਰਿੰਸ ਵਾਸੀ ਪਿੰਡ ਨੀਲੋਂ ਕਲਾਂ (ਲੁਧਿਆਣਾ), ਜਸਵੀਰ ਸਿੰਘ ਉਰਫ਼ ਜੱਸ ਵਾਸੀ ਪਿੰਡ ਅਤਲਾ ਕਲਾਂ (ਮਾਨਸਾ) ਅਤੇ ਰਾਜਨ ਕੁਮਾਰ ਉਰਫ਼ ਜੱਗੂ ਵਾਸੀ ਪਿੰਡ ਉਦੀਪੁਰੇਮਾ (ਪਠਾਨਕੋਟ) ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 43 ਮੋਬਾਈਲ ਫੋਨ ਅਤੇ ਚੋਰੀ ਦੇ ਚਾਰ ਮੋਟਰਸਾਈਕਲ ਬਰਾਮਦ ਹੋਏ ਹਨ। ਇੰਜ ਹੀ ਖਰੜ ਥਾਣੇ ਵਿੱਚ ਦਰਜ ਦੋ ਵੱਖ-ਵੱਖ ਮਾਮਲੇ ਵਿੱਚ ਸੱਤ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਉਫ਼ ਬੌਕਸਰ ਵਾਸੀ ਖੰਨਾ, ਦਵਿੰਦਰ ਸਿੰਘ ਉਰਫ਼ ਬਾਬਾ ਵਾਸੀ ਪਿੰਡ ਦਹੀਰਪੁਰ (ਰੂਪਨਗਰ) ਅਤੇ ਅਜੈ ਕੁਮਾਰ ਵਾਸੀ ਪਿੰਡ ਗਰਨਿਆਂ ਵਾਲੀ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਉਨ੍ਹਾਂ ਕੋਲੋਂ 300 ਗ੍ਰਾਮ ਹੈਰੋਇਨ, .32 ਬੋਰ ਦੇ ਦੋ ਪਿਸਤੌਲ, ਤਿੰਨ ਕਾਰਤੂਸ, ਇੱਕ ਫਾਰਚੂਨਰ ਤੇ ਇੱਕ ਸਵਿਫ਼ਟ ਕਾਰ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਹਰਮੀਤ ਸਿੰਘ ਉਰਫ਼ ਗੋਲਾ ਤੇ ਰੋਸ਼ਨ ਸਿੰਘ ਉਰਫ਼ ਸੋਨੂੰ ਦੋਵੇਂ ਵਾਸੀ ਪਿੰਡ ਢੰਗਰਾਲੀ (ਮੋਰਿੰਡਾ), ਜਸ਼ਨਪ੍ਰੀਤ ਸਿੰਘ ਉਰਫ਼ ਭੱਟੀ ਅਤੇ ਹਰਮਿੰਦਰ ਸਿੰਘ ਦੋਵੇਂ ਵਾਸੀ ਪਿੰਡ ਮੁੰਡੀਆ (ਮੋਰਿੰਡਾ) ਦੇ ਕਬਜ਼ੇ ‘ਚੋਂ 37 ਮੋਬਾਈਲ ਫੋਨ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।